April 29, 2024

ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ

ਸੰਗਰੂਰ ‘ਚ 1.82 ਲੱਖ ਤੋਂ ਵੱਧ ਦੇ ਬਣਾਏ ਈ-ਕਾਰਡ : ਘਨਸ਼ਿਆਮ ਥੋਰੀ

ਸੰਗਰੂਰ – ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਸਾਲਾਨਾ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦੇਣ ਲਈ ਚਲਾਈ ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਵਿਚ 1 ਲੱਖ 82 ਹਜ਼ਾਰ 221 ਈ-ਕਾਰਡ (ਗੋਲਡ ਕਾਰਡ) ਬਣਾਏ ਜਾ ਚੁੱਕੇ ਹਨ ਤੇ ਅੱਗੇ ਵੀ ਅਮਲ ਜਾਰੀ ਹੈ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਯੋਗ ਵਿਅਕਤੀ ਇਸ ਵਿਆਪਕ ਸਿਹਤ ਸਕੀਮ ਦਾ ਲਾਭ ਲੈ ਸਕਣ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਲਈ ਇਹ ਸਕੀਮ 20 ਅਗਸਤ 2019 ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਸਰਕਾਰੀ ਜਾਂ ਸੂਚੀਬੱੱਧ ਪ੍ਰਾਈਵੇਟ ਹਸਪਤਾਲਾਂ ਵਿਚ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 17 ਨਵੰਬਰ 2019 ਤੱਕ ਇਸ ਜ਼ਿਲ੍ਹੇ ਵਿਚ 1 ਲੱਖ 82 ਹਜ਼ਾਰ 221 ਈ-ਕਾਰਡ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾ ਚੁੱਕੇ ਹਨ। ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿਚ 13 ਸਰਕਾਰੀ ਹਸਪਤਾਲਾਂ ਤੋਂਂ ਇਲਾਵਾ 18 ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਤਾਂ ਜੋ ਜ਼ਰੂਰਤ ਪੈਣ ‘ਤੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ‘ਚੋਂ ਵੀ ਆਪਣਾ ਇਲਾਜ ਕਰਾ ਸਕਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਰਕਾਰੀ ਹਸਪਤਾਲਾਂ ਵਿਚ 1580 ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 473 (ਕੁੱਲ 2053) ਕਾਰਡਧਾਰਕਾਂ ਵੱਲੋਂ ਮੁਫਤ ਇਲਾਜ ਲਈ ਅਪਲਾਈ ਕੀਤਾ ਗਿਆ ਹੈ। ਇਨ੍ਹਾ ਵਿਚੋਂ 1111 ਕੇਸਾਂ ਵਿਚ ਵੱਖ ਵੱਖ ਹਸਪਤਾਲਾਂ ਵੱਲੋਂ ਮਰੀਜ਼ਾਂ ਦੇ ਮੁਫਤ ਕੀਤੇ 59 ਲੱਖ 25 ਹਜ਼ਾਰ 760 ਰੁਪਏ ਦੇ ਇਲਾਜ ਦਾ ਦਾਅਵਾ ਪ੍ਰਵਾਨ ਹੋ ਚੁੱਕਾ ਹੈ ਤੇ 1013 ਕੇਸਾਂ ਦੇ 55 ਲੱਖ 63 ਹਜ਼ਾਰ 250 ਰੁਪਏ ਦੀ ਅਦਾਇਗੀ ਸਰਕਾਰ ਵੱਲੋਂ ਹਸਪਤਾਲਾਂ ਨੂੰ ਕੀਤੀ ਜਾ ਚੁੱਕੀ ਹੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਅਧੀਨ ਸੰਗਰੂਰ ਜ਼ਿਲ੍ਹੇ ਦੇ 13 ਸਰਕਾਰੀ ਹਸਪਤਾਲਾਂ ਤੋਂ ਇਲਾਵਾ 18 ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਯੋਗ ਵਿਅਕਤੀ ਮੁਫਤ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 1396 ਤਰ੍ਹ੍ਹਾਂ ਦੇ ਇਲਾਜ ਦੇ ਪੈਕੇਜ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਲੈ ਕੇ ਮਹਿੰਗੇ ਅਪਰੇਸ਼ਨ ਵੀ ਮੁਫਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਨੂੰ ਵੀ ਇਸ ਸਕੀਮ ਅਧੀਨ ਸੂਚੀਬੱਧ ਕਰਨ ਦੀ ਪ੍ਰਕਿਰਿਆ ਜਾਰੀ ਹੈ, ਜਿਸ ਨਾਲ ਜ਼ਿਲ੍ਹੇ ਦੇ ਲੋੜਵੰਦ ਵਿਅਕਤੀਆਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ‘ਚ ਵੱਡੀ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਸਬੰਧੀ ਹੋਰ ਜਾਣਕਾਰੀ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01672-232304 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਿਵਲ ਸਰਜਨ ਸੰਗਰੂਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ (ਜੇ ਫਾਰਮ ਧਾਰਕ), ਕਿਰਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮੇ ਇਸ ਸਕੀਮ ਦਾ ਲਾਭਾ ਲੈ ਰਹੇ ਹਨ ਤੇ ਸਰਕਾਰ ਵੱੱਲੋਂ ਇਸ ਯੋਜਨਾ ਦਾ ਘੇਰਾ ਵਧਾਉਂਦੇ ਹੋਏ ਪੱਤਰਕਾਰਾਂ ਨੂੰ ਵੀ ਇਸ ਸਕੀਮ ਅਧੀਨ ਲਿਆਂਦਾ ਗਿਆ ਹੈ ਤਾਂ ਜੋ ਵੱੱਧ ਤੋਂ ਵੱਧ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਸਲਾਨਾ ਇਲਾਜ ਦੀ ਸਹੂਲਤ ਦਿੱਤੀ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਮਿੰਦਰ ਕੌਰ ਨੇ ਆਖਿਆ ਕਿ ਜੋ ਵਿਅਕਤੀ ਸਬੰਧਤ ਸਕੀਮ ਅਧੀਨ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਵਿਚ ਜਾ ਕੇ ਆਪਣਾ ਕਾਰਡ ਜ਼ਰੂਰ ਬਣਵਾਉਣ, ਜਿਸ ਲਈ ਅਪਲਾਈ ਕਰਨ ਦੀ ਫੀਸ ਸਿਰਫ 30 ਰੁਪਏ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਵਿਅਕਤੀ ਇਸ ਸਕੀਮ ਦਾ ਲਾਭ ਲੈਣ।