February 5, 2025
#ਪੰਜਾਬ

ਗੁਰਦਾਸਪੁਰ : ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਪਾਕਿਸਤਾਨੀ ਕਬੂਤਰ ਕਾਬੂ

ਗੁਰਦਾਸਪੁਰ : ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀ ਓ ਪੀ ਮੇਤਲਾ ‘ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ‘ਤੇ ਉੱਡਦੇ ਪਾਕਿਸਤਾਨੀ ਕਬੂਤਰ ਨੂੰ ਕਾਬੂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ ਦੀ 89 ਬਟਾਲੀਅਨ ਹੈੱਡਕੁਆਰਟਰ ਮਾਛੀਆਂ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਇੱਕ ਸ਼ੱਕੀ ਕਬੂਤਰ ਨੂੰ ਵੇਖਿਆ ਗਿਆ। ਬੀਐਸਐਫ ਜਵਾਨਾਂ ਵੱਲੋਂ ਜੱਦੋ ਜਹਿਦ ਕਰਨ ਉਪਰੰਤ ਇਸ ਕਬੂਤਰ ਨੂੰ ਕਾਬੂ ਕੀਤਾ ਗਿਆ। ਫੜ੍ਹੇ ਗਏ ਕਬੂਤਰ ਦੇ ਖੰਭਾਂ ‘ਤੇ ਪੀਲਾ ਰੰਗ ਲਗਾਇਆ ਹੋਇਆ ਸੀ। ਬੀਐਸਐਫ ਦੇ ਅਧਿਕਾਰੀਆਂ ਆਪਣਾ ਨਾਂ ਗੁਪਤ ਰੱਖਦਿਆਂ ਹੋਇਆਂ ਦੱਸਿਆ ਕਿ ਇਸ ਕਬੂਤਰ ਦੇ ਪੈਰ ਵਿਚ ਇਕ ਲਾਲ ਰੰਗ ਦੀ ਝਾਂਜਰ ਜਿਸ ‘ਤੇ ਨੰਬਰ 0318 _469288 5 ਲਿਖਿਆ ਹੋਇਆ ਸੀ ਅਤੇ ਇਕ ਪੰਛੀ ਦੀ ਫੋਟੋ ਬਣੀ ਹੋਈ ਹੈ।

ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਕਬੂਤਰ ਨੂੰ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ । ਇਸ ਸਬੰਧੀ ਡੇਰਾ ਬਾਬਾ ਨਾਨਕ ਬਲਾਕ ਦੇ ਸੰਬੰਧਤ ਜੀਵ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਫੜਿਆ ਗਿਆ ਕਬੂਤਰ ਉਨ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।