December 8, 2024

ਗੁਣਾਂ ਨਾਲ ਭਰਪੂਰ ਹੈ ਪਾਲਕ

ਨਵੀਂ ਦਿੱਲੀ— ਹਰੀ ਸਬਜ਼ੀ ਕੋਈ ਵੀ ਹੋਵੇ, ਸਿਹਤ ਲਈ ਫਾਇਦੇਮੰਦ ਹੀ ਹੁੰਦੀ ਹੈ ਪਰ ਪਾਲਕ ਇਨ੍ਹਾਂ ਵਿਚੋਂ ਸਭ ਤੋਂ ਗੁਣਕਾਰੀ ਹੈ, ਕਿਉਂਕਿ ਇਹ ਇਕ ਅਜਿਹੀ ਸਬਜ਼ੀ ਹੈ, ਜਿਸ ਵਿਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਨੂੰ ਤੁਸੀਂ ਕੱਚਾ ਜਾਂ ਪਕਾ ਕੇ ਦੋਹਾਂ ਤਰੀਕਿਆਂ ਨਾਲ ਖਾ ਸਕਦੇ ਹੋ ਪਰ ਬਹੁਤ ਸਾਰੇ ਲੋਕ ਇਸ ਨੂੰ ਪਕਾ ਕੇ ਹੀ ਖਾਣਾ ਪਸੰਦ ਕਰਦੇ ਹਨ, ਕਿਉਂਕਿ ਕੱਚੀ ਪਾਲਕ ਦਾ ਸਵਾਦ ਕੌੜਾ ਅਤੇ ਖਾਰਾ ਲਗਦਾ ਹੈ ਪਰ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਉਥੇ ਹੀ ਇਹ ਤੁਹਾਡੇ ਸਰੀਰ ਵਿਚ ਖਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ। ਵਾਲ ਝੜਨ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵਿਚ ਇਹ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ।
1. ਹੱਡੀਆਂ ਅਤੇ ਦੰਦ ਮਜ਼ਬੂਤ
ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ ਵਿਚ ਕੈਲਸ਼ੀਅਮ ਨੂੰ ਸੋਖਦੀ ਹੈ, ਜਿਸ ਨਾਲ ਸਰੀਰ ਵਿਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿਕਲਦਾ। ਬੱਚਿਆਂ ਦੇ ਆਹਾਰ ਵਿਚ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ। ਜੇ ਉਹ ਪਾਲਕ ਦਾ ਜੂਸ ਨਹੀਂ ਪੀਂਦੇ ਤਾਂ ਉਨ੍ਹਾਂ ਨੂੰ ਪਾਲਕ-ਪਨੀਰ ਦੀ ਸਬਜ਼ੀ, ਰਾਇਤਾ ਜਾਂ ਪਾਲਕ ਸਨੈਕਸ ਦੇ ਤੌਰ ‘ਤੇ ਖਾਣ ਨੂੰ ਦੇ ਸਕਦੇ ਹੋ। ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ। ਇਸ ਵਿਚ ਤੁਸੀਂ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਮਸੂੜਿਆਂ ‘ਚੋਂ ਨਿਕਲਣ ਵਾਲੇ ਖੂਨ ਦੀ ਸਮੱਸਿਆ ਬੰਦ ਹੋ ਜਾਵੇਗੀ।
2. ਖੂਨ ਦੀ ਕਮੀ ਦੂਰ ਕਰੇ
ਆਇਰਨ ਦੀ ਕਮੀ ਕਾਰਨ ਸਰੀਰ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ। ਪਾਲਕ ਵਿਚ ਆਇਰਨ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜੋ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦੀ ਹੈ। ਜੇ ਕੋਈ ਵਿਅਕਤੀ ਐਨੀਮੀਆ ਦਾ ਸ਼ਿਕਾਰ ਹੋਵੇ ਤਾਂ ਉਸਦੇ ਆਹਾਰ ਵਿਚ ਪਾਲਕ ਜ਼ਰੂਰ ਸ਼ਾਮਲ ਕਰੋ। ਬੱਚਿਆਂ ਨੂੰ ਆਹਾਰ ਵਿਚ ਪਾਲਕ ਦਿੰਦੇ ਰਹਿਣ ਨਾਲ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਗਰਭਵਤੀ ਔਰਤਾਂ ਸਰੀਰ ਵਿਚ ਆਇਰਨ ਦੀ ਕਮੀ ਪੂਰੀ ਕਰਨ ਲਈ ਪਾਲਕ ਖਾਣ। ਅੱਧੇ ਗਿਲਾਸ ਪਾਲਕ ਦੇ ਰਸ ਵਿਚ ਦੋ ਚਮਚ ਸ਼ਹਿਦ ਮਿਲਾ ਕੇ 50 ਦਿਨ ਪੀਓ, ਇਸ ਨਾਲ ਸਰੀਰ ਵਿਚ ਖੂਨ ਦਾ ਵਾਧਾ ਹੁੰਦਾ ਹੈ ਪਰ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।
3. ਬਲੱਡ ਪ੍ਰੈਸ਼ਰ ਕੰਟਰੋਲ
ਪਾਲਕ ਵਿਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।
4. ਮਾਸਪੇਸ਼ੀਆਂ ਦੀ ਮਜ਼ਬੂਤੀ
ਪਾਲਕ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਭਰਪੂਰ ਤੱਤ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਨਾਲ ਰੋਗ ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰੀਰ ਅੰਦਰੂਨੀ ਤੌਰ ‘ਤੇ ਮਜ਼ਬੂਤ ਰਹਿੰਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ। ਇਹ ਭੁੱਖ ਵਧਾਉਣ ਵਿਚ ਸਹਾਇਕ ਹੈ।
5. ਮੋਟਾਪਾ ਘੱਟ ਕਰੇ
ਪਾਲਕ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਪਾਲਕ ਵਿਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।
6. ਪਾਚਨ ਕਿਰਿਆ ਮਜ਼ਬੂਤ
ਪੇਟ ਖਰਾਬ ਹੋਵੇ ਤਾਂ ਸਰੀਰ ਨੂੰ ਬੀਮਾਰੀਆਂ ਛੇਤੀ ਘੇਰ ਲੈਂਦੀਆਂ ਹਨ। ਇਸ ਤੋਂ ਬਚਣ ਲਈ ਪੌਸ਼ਟਿਕ ਆਹਾਰ ਨੂੰ ਡਾਈਟ ਵਿਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਪਾਲਕ ਖਾਣ ਨਾਲ ਪਾਚਨ ਕਿਰਿਆ ‘ਚ ਸੁਧਾਰ ਰਹਿੰਦਾ ਹੈ। ਇਸ ਨਾਲ ਖਾਣਾ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਹੈ।