January 22, 2025
#ਪੰਜਾਬ

ਅਕਾਲੀ ਦਲ ਵੱਲੋਂ ਗੁਰਦਾਸਪੁਰ ਵਿਚ ਕਾਂਗਰਸੀ ਗੁੰਡਾਗਰਦੀ ਦੀ ਨਿਖੇਧੀ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਲਫੰਗਿਆਂ ਵੱਲੋ ਅੱਜ ਸ਼ਾਮੀ ਗੁਰਦਾਸਪੁਰ ਵਿਚ ਪਾਰਟੀ ਦੀ ਚੋਣ ਮੀਟਿੰਗ ਵਿਚ ਵੜ ਕੇ ਕੀਤੀ ਗੁੰਡਾਗਰਦੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਇਸ ਮਸਲੇ ਨੂੰ ਚੋਣ ਕਮਿਸ਼ਨ ਕੋਲ ਉਠਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਖੁਲਾਸਾ ਕਰਦਿਆਂ ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸ਼ਾਮੀਂ ਹਨੂੰਮਾਨ ਚੌਂਕ ਵਿਚ ਕਾਂਗਰਸੀ ਲਫੰਗਿਆਂ ਨੇ ਨਾਅਰੇਬਾਜ਼ੀ ਕਰਕੇ ਸ਼੍ਰੌਮਣੀ ਅਕਾਲੀ ਦਲ ਦੀ ਚੋਣ ਮੀਟਿੰਗ ਵਿਚ ਰੁਕਾਵਟ ਪਾਈ ਅਤੇ ਫਿਰ ਉਹ ਕਬਜ਼ਾ ਕਰਨ ਲਈ ਸਟੇਜ ਉੱਤੇ ਵੀ ਚੜ ਗਏ। ਉਹਨਾਂ ਕਿਹਾ ਕਿ ਅਸੀਂ ਉਹਨਾਂ ਦੀ ਇਸ ਹਰਕਤ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਕੋਲ ਕਰ ਦਿੱਤੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਅੱਗੇ ਵੀ ਪੇਸ਼ ਹੋਵਾਂਗੇ। ਅਕਾਲੀ ਆਗੂ ਨੇ ਕਿਹਾ ਕਿ ਲੋਕਤੰਤਰ ਵਿਚ ਅਜਿਹੀ ਗੁੰਡਾਗਰਦੀ ਸਹਿਣਯੋਗ ਨਹੀਂ ਹੈ ਅਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਸਮੁੱਚੀ ਘਟਨਾ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਕਰਨ।