November 9, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਹਨੀਪ੍ਰੀਤ ਗ੍ਰਿਫਤਾਰ, ਅਦਾਲਤ ਵਿੱਚ ਪੇਸ਼ੀ ਅੱਜ

ਚੰਡੀਗੜ੍ਹ
ਬਲਾਤਕਰ ਮਾਮਲੇ ਵਿੱਚ ਰੋਹਤਕ ਜੇਲ੍ਹ ਵਿੱਚ ਸਜਾ ਭੁਗਤ ਰਹੇ ਸੌਦਾ ਸਾਧ ਦੀ ਕਥਿਤ ਪੁੱਤਰੀ ਹਨੀਪ੍ਰੀਤ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਪਿਛਲੇ 38 ਦਿਨਾਂ ਤੋਂ ਪੁਲਿਸ ਨਾਲ ਲੁਕਾਛਿਪੀ ਦੀ ਖੇਡ ਖੇਡ ਰਹੀ ਹਨੀਪ੍ਰੀਤ ਨੂੰ ਪਹਿਲਾਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਬਾਰੇ ਦਾਅਵਾ ਕੀਤਾ ਜਾ ਰਿਹਾ ਸੀ। ਬਾਅਦ ਵਿੱਚ ਹਰਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਦਾ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਵਿੱਚ ਕੋਈ ਰੋਲ ਨਹੀਂ ਹੈ। ਹਰਿਆਣਾ ਪੁਲਿਸ ਦੇ ਮੁੱਖੀ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੁੱਝ ਜ਼ਰੂਰੀ ਕਾਰਵਾਈਆਂ ਕਰਨ ਤੋਂ ਬਾਅਦ ਬੁੱਧਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਈ ਨਿਊਜ ਚੈਨਲਾਂ ਨੇ ਅੱਜ ਸਵੇਰੇ ਹੀ ਹਨੀਪ੍ਰੀਤ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ, ਪਰ ਹਰਿਆਣਾ ਪੁਲਿਸ ਨੇ ਇਸ ਦੀ ਗ੍ਰਿਫਤਾਰੀ ਬਾਰੇ ਬਾਅਦ ਦੁਪਹਿਰ ਐਲਾਨ ਕੀਤਾ। ਇਸ ਤੋਂ ਪਹਿਲਾਂ ਹਨੀਪ੍ਰੀਤ ਦੇ ਪੰਜਾਬ ਪੁਲਿਸ ਕੋਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ। ਹਰਿਆਣਾ ਪੁਲਿਸ ਨੇ ਹਨਪ੍ਰੀਤ ਨੂੰ ਹਿਰਾਸਤ ‘ਚ ਲੈ ਲਿਆ। ਹਰਿਆਣਾ ਪੁਲਿਸ ਦੇ ਮੁੱਖੀ ਨੇ ਕਿਹਾ ਹੈ ਕਿ ਉਸ ਨੂੰ ਬੁੱਧਵਾਰ 4 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਚਕੁਲਾ ਦੇ ਡੀ.ਸੀ.ਪੀ. ਮਨਜੀਤ ਸਿੰਘ ਨੇ ਵੀ ਹਨੀਪ੍ਰੀਤ ਨੂੰ ਆਪਣੀ ਹਿਰਾਸਤ ਵਿੱਚ ਲੈਣ ਦਾ ਬਿਆਨ ਜਾਰੀ ਕਰ ਦਿੱਤਾ ਹੈ।
ਹਨੀਪ੍ਰੀਤ ਦੀ ਗ੍ਰਿਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਚੁਕਲਾ ਪੁਲਿਸ ਦੇ ਕਮਿਸ਼ਨਰ ਪੀ.ਸੀ. ਚਾਵਲਾ ਨੇ ਕਿਹਾ ਕਿ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਨੇ ਜੀਰਕਪੁਰ-ਪਟਿਆਲਾ ਦੇ ਕੌਮੀ ਮਾਰਗ ਤੋਂ ਗ੍ਰਿਫਤਾਰ ਕੀਤਾ ਹੈ। ਉਸ ਅਨੁਸਾਰ ਹਨੀਪ੍ਰੀਤ ਦੇ ਨਾਲ ਇੱਕ ਹੋਰ ਔਰਤ ਵੀ ਗ੍ਰਿਫਤਾਰ ਕੀਤੀ ਗਈ ਹੈ। ਜਿਸ ਦਾ ਨਾਂਅ ਹਾਲੇ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਏ.ਸੀ.ਪੀ. ਮੁਕੇਸ਼ ਨੇ ਹਨੀਪ੍ਰੀਤ ਦੀ ਇਸ ਖੇਤਰ ਵਿੱਚ ਆਉਣ ਬਾਰੇ ਸੂਚਨਾ ਮਿਲੀ ਸੀ ਕਿ ਉਹ ਇਨੋਵਾ ਗੱਡੀ ਵਿੱਚ ਯਾਤਰਾ ਕਰ ਰਹੀ ਹੈ। ਇਸੇ ਸੂਚਨਾ ਦੇ ਆਧਾਰ ‘ਤੇ ਹਰਿਆਣਾ ਪੁਲਿਸ ਨੇ ਉਸ ਨੂੰ ਦੁਪਹਿਰ 3 ਵਜੇ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਪੀ.ਸੀ. ਚਾਵਲਾ ਨੇ ਇਹ ਵੀ ਕਿਹਾ ਕਿ ਹੁਣ ਹਨੀਪ੍ਰੀਤ ਤੋਂ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਸ ਨੂੰ ਭਜਾਉਣ ਵਿੱਚ ਕਿਸ ਕਿਸ ਨੇ ਮੱਦਦ ਕੀਤੀ। ਚਾਵਲਾ ਨੇ ਕਿਹਾ ਕਿ ਹਨੀਪ੍ਰੀਤ ਨੂੰ ਭਜਾਉਣ ਵਾਲੇ ਅਤੇ ਉਸ ਨੂੰ ਆਪਣੇ ਘਰਾਂ ਵਿੱਚ ਰੱਖਣ ਵਾਲੇ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਨੀਪ੍ਰੀਤ ਤੋਂ ਪੁੱਛਗਿੱਛ ਲਈ ਔਰਤ ਅਫਸਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ, ਜੋ ਇਨ੍ਹਾਂ ਤੋਂ ਪੁੱਛਗਿੱਛ ਕਰੇਗੀ।
ਜਿਕਰਯੋਗ ਹੈ ਕਿ ਸੌਦਾ ਸਾਧ ਨੂੰ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਮਿਲਣ ਦੇ ਬਾਅਦ ਤੋਂ ਹੀ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਗਾਇਬ ਸੀ, ਜਿਸ ਦੀ ਤਲਾਸ਼ ਲਈ ਹਰਿਆਣਾ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਇੱਕ ਨਿੱਜੀ ਚੈਨਲ ਨੇ ਹਨੀਪ੍ਰੀਤ ਦਾ ਇੰਟਰਵਿਊ ਟੀਵੀ ‘ਤੇ ਦਿਖਾਇਆ ਸੀ। ਇਸ ਇੰਟਰਵਿਊ ਦੌਰਾਨ ਹਨੀਪ੍ਰੀਤ ਦਾ ਕਹਿਣਾ ਸੀ ਕਿ ਜੋ ਮੇਰੇ ਬਾਰੇ ਟੀਵੀ ‘ਤੇ ਦਿਖਾਇਆ ਜਾ ਰਿਹਾ ਹੈ, ਉਹ ਸਭ ਗ਼ਲਤ ਹੈ। ਹਨੀਪ੍ਰੀਤ ਅਜਿਹੀ ਨਹੀਂ ਹੈ। ਉਸ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਹਨਪ੍ਰੀਤ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਮੈਨੂੰ ਖ਼ੁਦ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਮੈਂ ਇਸੇ ਡਰ ਦੇ ਕਾਰਨ ਹੀ ਪੁਲਿਸ ਅੱਗੇ ਪੇਸ਼ ਨਹੀਂ ਹੋ ਸਕੀ।
ਮੇਰੇ ਸਬੰਧੀ ਹੋ ਰਹੇ ਗਲਤ ਪ੍ਰਚਾਰ ਤੋਂ ਬਾਅਦ ਮੇਰੀ ਹਾਲਤ ਇੱਕ ਦਿਮਾਗੀ ਤੌਰ ‘ਤੇ ਨੀਮ ਪਾਗਲ ਹੋ ਗਈ ਸੀ, ਉਸ ਸਥਿਤੀ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਹਨਪ੍ਰੀਤ ਨੇ ਰਾਮ ਰਹੀਮ ਅਤੇ ਆਪਣੇ ਰਿਸ਼ਤੇ ਬਾਰੇ ਪੁੱਛੇ ਗਏ ਸਵਾਲ ‘ਤੇ ਬੋਲਦਿਆਂ ਕਿਹਾ ਸੀ ਕਿ ਲੋਕਾਂ ਵੱਲੋਂ ਇੱਕ ਬਾਪ-ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਪਾਪਾ (ਰਾਮ ਰਹੀਮ) ਦੇ ਨਾਲ ਅਦਾਲਤ ਗਈ ਪਰ Àੁੱਥੇ ਜਦੋਂ ਫ਼ੈਸਲਾ ਸਾਡੇ ਖ਼ਿਲਾਫ਼ ਆਇਆ ਤਾਂ ਇਹ ਸਥਿਤੀ ਬਹੁਤ ਹੀ ਹਿਲਾ ਦੇਣ ਵਾਲੀ ਸੀ ਕਿਉਂਕਿ ਸਾਨੂੰ ਇਹ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਜੇਕਰ ਕੋਈ ਬੇਟੀ ਆਪਣੇ ਪਾਪਾ ਦੇ ਨਾਲ ਕੋਰਟ ਜਾਂਦੀ ਹੈ ਤਾਂ ਇਹ ਕੋਈ ਗ਼ਲਤ ਗੱਲ ਹੈ? ਉਸ ਨੇ ਕਿਹਾ ਕਿ ਅਦਾਲਤ ਦੀ ਪਰਮਿਸ਼ਨ ਤੋਂ ਬਾਅਦ ਹੀ ਮੈਂ ਆਪਣਾ ਪਾਪਾ ਨਾਲ ਗਈ ਸੀ। ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੱਕ ਬਾਪ-ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਇਸ ਤਰ੍ਹਾਂ ਕਿਉਂ ਉਛਾਲ ਰਹੇ ਹਨ। ਉਸ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇੱਕ ਬਾਪ ਆਪਣੀ ਬੇਟੀ ਦੇ ਸਿਰ ‘ਤੇ ਹੱਥ ਨਹੀਂ ਰੱਖਦਾ? ਉਸ ਨੇ ਕਿਹਾ ਕਿ ਮੈਂ ਪੁੱਛਣਾ ਚਾਹਾਂਗੀ ਇੱਕ ਬੇਟੀ ਤੋਂ ਕੀ ਉਹ ਆਪਣੇ ਬਾਪ ਨੂੰ ਲਾਡ ਨਹੀਂ ਲਡਾਉਂਦੀ?
ਉਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਅਜਿਹੀ ਕੀ ਚੀਜ਼ ਦੇਖ ਲਈ, ਜੋ ਮੇਰੇ ‘ਤੇ ਅਜਿਹਾ ਇਲਜ਼ਾਮ ਲਗਾਇਆ, ਮੇਰੀ ਇੱਜ਼ਤ ਉਛਾਲੀ ਹੈ। ਉਸ ਦੇ ਸਾਬਕਾ ਪਤੀ ਵਿਸਵਾਸ਼ ਗੁਪਤਾ ਬਾਰੇ ਪੁੱਛੇ ਸਵਾਲ ‘ਤੇ ਹਨੀਪ੍ਰੀਤ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦੀ ਹੈ ਕਿ ਜੋ ਖ਼ਾਸ ਲੋਕ ਹਨ, ਕੀ ਉਹ ਖ਼ਾਸ ਹਨ? ਕੀ ਉਨ੍ਹਾਂ ਨੂੰ ਕੋਈ ਜਾਣਦਾ ਹੈ? ਉਹ ਕੌਣ ਹਨ? ਉਹ ਕੋਈ ਵੀ ਨਹੀਂ ਹਨ। ਉਸ ਨੇ ਕਿਹਾ ਕਿ ਵਿਸ਼ਵਾਸ਼ ਗੁਪਤਾ ਦੀ ਗੱਲ ਕਰਦੇ ਹੋ, ਮੈਂ ਉਸ ਟੌਪਿਕ ‘ਤੇ ਗੱਲ ਤੱਕ ਨਹੀਂ ਕਰਨਾ ਚਾਹੁੰਦੀ। ਹਿੰਸਾ ਭੜਕਾਏ ਜਾਣ ਦੇ ਸਵਾਲ ‘ਤੇ ਹਨੀਪ੍ਰੀਤ ਨੇ ਕਿਹਾ ਕਿ ਤੁਸੀਂ ਮੈਨੂੰ ਕਿਤੇ ਕੁੱਝ ਬੋਲਦੇ ਹੋਏ ਦੇਖਿਆ ਹੈ? ਮੈਂ ਤਾਂ ਕਿਸੇ ਨੂੰ ਇੱਕ ਸ਼ਬਦ ਤੱਕ ਨਹੀਂ ਆਖਿਆ। ਉਸ ਨੇ ਕਿਹਾ ਕਿ ਮੇਰੇ ‘ਤੇ ਲਗਾਏ ਜਾ ਰਹੇ ਸਾਰੇ ਇਲਜ਼ਾਮ ਪੂਰੀ ਤਰ੍ਹਾਂ ਗ਼ਲਤ ਹਨ ।
ਮੈਂ ਆਪਣੇ ਪਾਪਾ (ਰਾਮ ਰਹੀਮ) ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਰਕਾਰੀ ਇਜਾਜ਼ਤ ਨਾਲ ਹੈਲੀਕਾਪਟਰ ਵਿਚ ਗਈ ਪਰ ਉਥੇ ਜਾ ਕੇ ਮੈਨੂੰ ਆਖ ਦਿੱਤਾ ਗਿਆ ਕਿ ਤੁਸੀਂ ਗ਼ਲਤ ਆਏ ਹੋ। ਉਨ੍ਹਾਂ ਕਿਹਾ ਕਿ ਜਿਸ ਸਮੇਂ ਹਿੰਸਾ ਹੋਈ ਮੈਂ ਤਾਂ ਉਥੇ ਮੌਜੂਦ ਹੀ ਨਹੀਂ ਸੀ, ਫਿਰ ਮੇਰਾ ਨਾਂਅ ਕਿਵੇਂ ਲਿਆ ਜਾ ਰਿਹਾ ਹੈ? ਉਨਾਂ ਕਿਹਾ ਕਿ ਜਿਹੜੇ ਡੇਰੇ ਦੇ ਸ਼ਰਧਾਲੂ ਉੱਥੇ ਆਏ ਹੋਏ ਸਨ, ਉਨ੍ਹਾਂ ਨੂੰ ਤਾਂ ਪੁਲਿਸ ਨੇ ਚੈੱਕਿੰਗ ਕਰਕੇ ਭੇਜਿਆ ਸੀ, ਫਿਰ ਉਹ ਦੰਗਾ ਕਿਵੇਂ ਭੜਕਾ ਸਕਦੇ ਹਨ। ਉਨਾਂ ਕਿਹਾ ਕਿ ਦੰਗਾ ਭੜਕਾਉਣ ਦਾ ਕੰਮ ਸ਼ਰਾਰਤੀ ਅਨਸਰਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਸਥਿਤੀ ਦੇਖੀ ਹੈ, ਤੁਹਾਨੂੰ ਲਗਦਾ ਹੈ ਕਿ ਮੈਂ ਕਿਤੇ ਗੁਨਾਹਗਾਰ ਹਾਂ? ਮੈਂ ਇੱਕ ਬੇਟੀ ਦਾ ਫ਼ਰਜ਼ ਅਦਾ ਕੀਤਾ ਕਿ ਆਪਣੇ ਪਿਤਾ ਜੀ ਦੇ ਨਾਲ ਅੰਦਰ ਗਈ, ਹਰ ਬੇਟੀ ਜਾਂਦੀ ਹੈ, ਹਰ ਪਰਿਵਾਰ ਜਾਂਦਾ ਹੈ। ਇਹ ਕੋਈ ਗੁਨਾਹ ਨਹੀਂ।ਹਨੀਪ੍ਰੀਤ ਨੇ ਕਿਹਾ ਕਿ ਅਸੀਂ ਤਾਂ ਖ਼ੁਸ਼ੀ-ਖ਼ੁਸ਼ੀ ਗਏ ਸੀ ਕਿ ਸਵੇਰੇ ਜਾਵਾਂਗੇ ਅਤੇ ਸ਼ਾਮ ਨੂੰ ਆਪਣੇ ਬਾਪ ਦੇ ਨਾਲ ਵਾਪਸ ਆ ਜਾਵਾਂਗੇ ਪਰ ਉਥੇ ਜਾ ਕੇ ਦੇਖਿਆ ਕਿ ਫ਼ੈਸਲਾ ਸਾਡੇ ਉਲਟ ਆ ਗਿਆ ਤਾਂ ਇੱਕ ਦਮ ਸਾਡੇ ਦਿਮਾਗ਼ ਨੇ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ, ਡਿਪ੍ਰੈਸ਼ਨ ਵਿੱਚ ਆ ਗਏ ਸੀ ਅਸੀਂ। ਪੁਲਿਸ ਅੱਗੇ ਸਮਰਪਣ ਕਰਨ ਦੇ ਸਵਾਲ ‘ਤੇ ਹਨੀਪ੍ਰੀਤ ਨੇ ਕਿਹਾ ਕਿ ਤੁਸੀਂ ਮੇਰੀ ਸਥਿਤੀ ਨੂੰ ਸਮਝੋ, ਜਿਸ ਨੇ ਆਪਣੇ ਬਾਪ ਨਾਲ ਦੇਸ਼ ਭਗਤ ਦੀ ਮੂਵੀਜ਼ ਬਣਾਈਆਂ, ਜਿਸ ਬਾਪ ਨੇ ਉਸ ਦੇ ਮਨ ਵਿਚ ਕੁੱਟ ਕੁੱਟ ਭਰ ਦਿੱਤਾ ਸੀ ਕਿ ਜੀਵਾਂਗੇ ਮਰਾਂਗੇ ਤਾਂ ਦੇਸ਼ ਦੇ ਲਈ, ਇੱਕ ਤਾਂ ਉਹ ਬਾਪ ਜੇਲ੍ਹ ਅੰਦਰ ਚਲਿਆ ਜਾਵੇ ਜੋ ਸੋਚ ਵੀ ਨਹੀਂ ਸਕਦੇ ਸੀ, ਉਸ ਤੋਂ ਬਾਅਦ ਉਸੇ ਲੜਕੀ ‘ਤੇ ਦੇਸ਼ਧ੍ਰੋਹ ਦਾ ਕੇਸ ਦਰਜ ਹੋਵੇ, ਉਸ ਲੜਕੀ ਦੀ ਸਥਿਤੀ ਕੀ ਹੋ ਸਕਦੀ ਹੈ?
ਮੈਂ ਡਿਪ੍ਰੈਸ਼ਨ ਵਿਚ ਚਲੀ ਗਈ ਸੀ, ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਹੈ? ਉਸ ਨੇ ਕਿਹਾ ਕਿ ਜਿਵੇਂ ਮੈਨੂੰ ਸਮਝ ਆਈ ਜਾਂ ਜਿਵੇਂ ਮੈਨੂੰ ਕਿਸੇ ਨੇ ਗਾਈਡ ਕੀਤਾ ਤਾਂ ਕੁੱਝ ਸਮਝ ਆਇਆ ਕਿਉਂਕਿ ਸਾਡੇ ਲਈ ਪਾਪਾ ਜੇਲ੍ਹ ਚਲੇ ਗਏ ਤਾਂ ਸਭ ਕੁਝ ਖ਼ਤਮ ਹੋ ਗਿਆ। ਇਸ ਤੋਂ ਬਾਅਦ ਮੈਨੂੰ ਕਿਸੇ ਨੇ ਗਾਈਡ ਕੀਤਾ ਤਾਂ ਮੈਂ ਹੁਣ ਅੱਗੇ ਆ ਸਕੀ ਹਾਂ। ਮੈਂ ਦਿੱਲੀ ਗਈ, ਹੁਣ ਮੈਂ ਹਰਿਆਣਾ-ਪੰਜਾਬ ਹਾਈਕੋਰਟ ਵਿਚ ਵੀ ਜਾਵਾਂਗੀ, ਪਿੱਛੇ ਨਹੀਂ ਹਟੀ ਪਰ ਮਾਨਸਿਕ ਸਥਿਤੀ ਸੰਭਾਲਣ ਵਿੱਚ ਸਮਾਂ ਤਾਂ ਲੱਗਦਾ ਹੈ ਕਿਉਂਕਿ ਜੋ ਕੁੱਝ ਹੋਇਆ ਅਸੀਂ ਇਸ ਤੋਂ ਹੈਰਾਨ ਸੀ ਕਿ ਇਹ ਕੀ ਹੋ ਗਿਆ। ਜਦੋਂ ਕਿਸੇ ਬੇਗੁਨਾਹ ਨੂੰ ਜਿਸ ਨੇ ਕਦੇ ਇੱਕ ਕੀੜੀ ਵੀ ਨਾ ਮਾਰੀ ਹੋਵੇ, ਉਸ ਦੇ ਉੱਪਰ ਦੇਸ਼ਧ੍ਰੋਹ ਦਾ ਇਲਜ਼ਾਮ ਲੱਗੇ ਤਾਂ ਉਸ ਦੇ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ।ਇਸ ਸਵਾਲ ਕਿ ਰਾਮ ਰਹੀਮ ਨੂੰ ਮੂਵੀਜ਼ ਲਈ ਹਨੀਪ੍ਰੀਤ ਨੇ ਅੱਗੇ ਲਿਆਂਦਾ ਕਿਉਂਕਿ ਹਨੀਪ੍ਰੀਤ ਖ਼ੁਦ ਫਿਲਮਾਂ ‘ਚ ਆਉਣਾ ਚਾਹੁੰਦੀ ਸੀ, ‘ਤੇ ਬੋਲਦਿਆਂ ਹਨੀਪ੍ਰੀਤ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਸੀ। ਮੈਂ ਪਹਿਲਾਂ ਵੀ ਕਾਫ਼ੀ ਇੰਟਰਵਿਊ ਦਿੱਤੇ ਹਨ, ਜਿਸ ਵਿੱਚ ਸਭ ਨੂੰ ਪਤਾ ਹੈ ਕਿ ਮੈਂ ਕਦੇ ਇਸ ਲਾਈਨ ਵਿੱਚ ਆਉਣਾ ਹੀ ਨਹੀਂ ਚਾਹੁੰਦੀ ਸੀ।
ਮੈਂ ਹਮੇਸ਼ਾਂ ਹੀ ਕੈਮਰੇ ਦੇ ਪਿੱਛੇ ਤੋਂ ਕੰਮ ਕਰਨਾ ਚਾਹੁੰਦੀ ਸੀ, ਬਾਅਦ ਵਿੱਚ ਮੈਨੂੰ ਸ਼ੌਕ ਹੋਇਆ ਕਿ ਮੈਂ ਫਿਲਮਾਂ ਵੀ ਡਾਇਰੈਕਟ ਕਰਾਂ। ਅਦਾਕਾਰਾ ਬਣਨ ਦਾ ਤਾਂ ਮੈਨੂੰ ਕਦੇ ਸ਼ੌਕ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਖੰਭ ਦੀਆਂ ਡਾਰਾਂ ਬਣ ਗਈਆਂ ਜਦ ਕਿ ਇਹ ਤਾਂ ਖੰਭ ਵੀ ਨਹੀਂ ਸੀ। ਇਹ ਕਿਸ ਨੇ ਬਣਾਈ ਕੁੱਝ ਸਮਝ ਨਹੀਂ ਆਇਆ।ਡੇਰੇ ਵਿਚ ਮਨੁੱਖੀ ਪਿੰਜਰ ਅਤੇ ਲੜਕੀਆਂ ਨਾਲ ਰਾਮ ਰਹੀਮ ਦੇ ਨਾਜਾਇਜ਼ ਸਬੰਧਾਂ ਬਾਰੇ ਪੁੱਛੇ ਸਵਾਲ ‘ਤੇ ਹਨੀਪ੍ਰੀਤ ਨੇ ਕਿਹਾ ਕਿ ਡੇਰੇ ਵਿਚ ਹਾਲੇ ਤੱਕ ਕੋਈ ਮਨੁੱਖੀ ਪਿੰਜਰ ਨਹੀਂ ਮਿਲਿਆ ਅਤੇ ਨਾ ਹੀ ਉਹ ਦੋ ਲੜਕੀਆਂ ਦਿਖੀਆਂ ਜਿਨ੍ਹਾਂ ਨੇ ਮੇਰੇ ਪਾਪਾ ‘ਤੇ ਗ਼ਲਤ ਇਲਜ਼ਾਮ ਲਗਾਏ ਹਨ। ਉਸ ਨੇ ਕਿਹਾ ਕਿ ਮੇਰੇ ਪਾਪਾ ਬੇਗੁਨਾਹ ਹਨ, ਆਉਣ ਵਾਲੇ ਟਾਈਮ ਵਿਚ ਸੱਚ ਸਾਹਮਣੇ ਆਏਗਾ ਅਤੇ ਉਸ ਦੇ ਪਾਪਾ ਬੇਗੁਨਾਹ ਸਾਬਤ ਹੋਣਗੇ।