ਪਾਕਿਸਤਾਨੀ ਵਿਦੇਸ਼ ਮੰਤਰੀ ਵੱਲੋਂ ਮੋਦੀ ‘ਅਤਿਵਾਦੀ’ ਕਰਾਰ
ਇਸਲਾਮਾਬਾਦ/ਨਵੀਂ ਦਿੱਲੀ, 3 ਅਕਤੂਬਰ
ਕੂਟਨੀਤਕ ਸ਼ਿਸ਼ਟਾਚਾਰ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤੀ ਖਵਾਜਾ ਆਸਿਫ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਤਿਵਾਦੀ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤ ਨੂੰ ‘ਅਤਿਵਾਦੀ ਪਾਰਟੀ’ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਬਿਆਨ ਦਾ
ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਉਸ ਦੇ ਬਿਆਨ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਕਿਸਤਾਨੀ ਮੰਤਰੀ ਦੀ ਹੈਸੀਅਤ ‘ਸਿਆਸੀ ਤੌਰ ’ਤੇ ਤੁੱਛ’ ਹੈ। ਜੀਓ ਟੀਵੀ ਦੇ ਇਕ ਪ੍ਰੋਗਰਾਮ ਦੌਰਾਨ ਆਸਿਫ਼ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸੰਯੁਕਤ ਰਾਸ਼ਟਰ
ਆਮ ਸਭਾ ਦੌਰਾਨ ਦਿੱਤੇ ਭਾਸ਼ਨ ਦੌਰਾਨ ਪਾਕਿਸਤਾਨ ਨੂੰ ਅਤਿਵਾਦ ਪੈਦਾ ਕਰਨ ਅਤੇ ਉਸ ਦੀ ਬਰਾਮਦ ਕਰਨ ਦੇ ਦੋਸ਼ ਤੋਂ ਬਾਅਦ ਇਹ ਟਿੱਪਣੀ ਕੀਤੀ ਸੀ। ਭਾਜਪਾ ਤਰਜਮਾਨ ਜੀ ਵੀ ਐਲ ਨਰਸਿਮਹਾ ਰਾਓ ਨੇ ਪੀਟੀਆਈ ਨੂੰ ਕਿਹਾ ਕਿ ਪਾਕਿਸਤਾਨ ਦਾ ਵਿਦੇਸ਼ ਮੰਤਰੀ
ਸ਼ਕਤੀਹੀਨ ਸਰਕਾਰ ’ਚ ਸਿਆਸੀ ਤੌਰ ’ਤੇ ਤੁੱਛ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਇਰਾਨਾ ਟਿੱਪਣੀ ਪਾਕਿਸਤਾਨ ਦੀ ਨਿਰਾਸ਼ਾ ਨੂੰ ਜ਼ਾਹਰ ਕਰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫ਼ਲ ਕੂਟਨੀਤੀ ਨੇ ਪਾਕਿਸਤਾਨ ਦੇ ਚਿਹਰੇ ਨੂੰ ਦੁਨੀਆ ਮੂਹਰੇ ਬੇਨਕਾਬ
ਕਰ ਦਿੱਤਾ ਹੈ। ‘ਡਾਅਨ’ ਦੀ ਰਿਪੋਰਟ ਮੁਤਾਬਕ ਆਸਿਫ਼ ਨੇ ਇਹ ਟਿੱਪਣੀਆਂ ਜੰਮੂ-ਕਸ਼ਮੀਰ ’ਚ ਕਸ਼ਮੀਰੀਆਂ ਦੇ ਮਾਰੇ ਜਾਣ ਅਤੇ ਕੰਟਰੋਲ ਰੇਖਾ ’ਤੇ ਸਰਹੱਦ ਪਾਰੋਂ ਗੋਲੀਬਾਰੀ ’ਚ ਆਮ ਨਾਗਰਿਕਾਂ ਦੀ ਮੌਤ ਤਗਰੋਂ ਕੀਤੀਆਂ ਸਨ। ਉਸ ਨੇ ਕਿਹਾ,‘‘ਇਕ ਅਤਿਵਾਦੀ
ਉਨ੍ਹਾਂ ਦਾ ਪ੍ਰਧਾਨ ਮੰਤਰੀ ਹੈ ਜਿਸ ਦੇ ਹੱਥ ਗੁਜਰਾਤ ’ਚ ਮੁਸਲਮਾਨਾਂ ਦੇ ਖੂਨ ਨਾਲ ਲਿਬੜੇ ਹੋਏ ਹਨ।’’ ਉਸ ਨੇ ਕਿਹਾ ਕਿ ਮੁਲਕ ’ਤੇ ਅਤਿਵਾਦੀ ਪਾਰਟੀ ਦਾ ਸ਼ਾਸਨ ਹੈ, ਰਾਸ਼ਟਰੀ ਸਵੈਮ ਸੇਵਕ ਸੰਘ ਉਨ੍ਹਾਂ ’ਤੇ ਰਾਜ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਇਕ
ਜਥੇਬੰਦੀ ਵਾਂਗ ਹੈ ਪਰ ਨਰਿੰਦਰ ਮੋਦੀ ਚੁਣੇ ਹੋਏ ‘ਅਤਿਵਾਦੀ’ ਹਨ। ਜਦੋਂ ਸ਼ੋਅ ਦੇ ਮੇਜ਼ਬਾਨ ਹਾਮਿਦ ਮੀਰ ਨੇ ਟੋਕਿਆ ਤਾਂ ਉਸ ਨੇ ਕਿਹਾ ਕਿ ਜਿਹੜਾ ਮੁਲਕ ਅਤਿਵਾਦੀ ਦੀ ਚੋਣ ਕਰਦਾ ਹੈ ਉਹ ਕਿਹੋ ਜਿਹਾ ਮੁਲਕ ਹੈ। ਸਫ਼ਾਈ ਦਿੰਦਿਆਂ ਆਸਿਫ਼ ਨੇ ਕਿਹਾ ਕਿ ਭਾਰਤੀ
ਪ੍ਰਧਾਨ ਮੰਤਰੀ ਵੱਲੋਂ ਵਰਤੀ ਜਾਂਦੀ ਭਾਸ਼ਾ ਵਲ ਦੇਖੋ, ਜਿਵੇਂ ਮੁਸਲਮਾਨ ਮਾਰੇ ਜਾ ਰਹੇ ਹਨ ਅਤੇ ਗਾਂ ਨਾਲ ਸਬੰਧਤ ਮਸਲੇ ਦੇਖ ਲਓ। ਉਸ ਨੇ ਦਾਅਵਾ ਕੀਤਾ ਕਿ ਦਸਹਿਰੇ ਮੌਕੇ ਉਨ੍ਹਾਂ ਰੋਹਿੰਗੀਆ ਮੁਸਲਮਾਨਾਂ ਦੇ ਬੁੱਤ ਸਾੜੇ।