January 12, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਕਿਸਾਨ ਖੁਦਕੁਸ਼ੀਆਂ ਰੋਕਣਾ ਸਾਡਾ ਸਭ ਦਾ ਫ਼ਰਜ਼ ਹੈ- ਡਾ. ਢਿੱਲੋਂ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿੱਚ ਸਮੁੱਚੀ ਫੈਕਲਟੀ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨ ਸਾਡਾ ਪਹਿਲਾ ਸਰੋਕਾਰ ਹਨ ।ਉਹਨਾਂ ਸਮੁੱਚੀ ਫੈਕਲਟੀ ਨੂੰ

ਕਿਸਾਨ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਬੋਲਦਿਆਂ ਡਾ. ਢਿੱਲੋਂ ਨੇ ਕਿਹਾ ਕਿ ਭਾਵੇਂ ਸਾਰੇ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਕਿਸਾਨ ਦੀ ਖੇਤੀ ਤੋਂ ਆਮਦਨ ਸਭ ਤੋਂ ਵੱਧ ਹੈ ਪਰ ਫਿਰ ਵੀ ਖੁਦਕੁਸ਼ੀ

ਦੀਆਂ ਦੁਖਦਾਈ ਖਬਰਾਂ ਮੰਦਭਾਗੀਆਂ ਹਨ । ਇਸ ਵਰਤਾਰੇ ਨੂੰ ਰੋਕਣਾ ਸਾਡਾ ਸਭ ਦਾ ਫ਼ਰਜ਼ ਹੈ । ਪੀਏਯੂ ਕਿਸਾਨਾਂ ਲਈ ਇੱਕ ਉਮੀਦ ਦੀ ਕਿਰਨ ਜਗਾ ਸਕਦੀ ਹੈ ਅਤੇ ਇਸ ਲਈ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਇਸ ਵਿੱਚ ਆਪਣੀ ਭੂਮਿਕਾ ਨਿਭਾਉਣ ਅਤੇ ਪੀਏਯੂ

ਫੈਕਲਟੀ ਦਾ ਹਰ ਮੈਂਬਰ ਇਸ ਕਲਿਆਣਕਾਰੀ ਮੁਹਿੰਮ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੇ । ਡਾ. ਢਿੱਲੋਂ ਨੇ ਇਸ ਵਰਤਾਰੇ ਪ੍ਰਤੀ ਫਿਕਰਮੰਦੀ ਜ਼ਾਹਿਰ ਕਰਦਿਆਂ ਇਸ ਨਾਲ ਸੰਬੰਧਤ ਹਰ ਪਹਿਲੂ ਨੂੰ ਪੀਏਯੂ ਦੀ ਫੈਕਲਟੀ ਨਾਲ ਚਰਚਾ ਅਧੀਨ ਲਿਆਂਦਾ ਅਤੇ

ਵਿਗਿਆਨੀਆਂ ਕੋਲੋਂ ਇਸ ਸੰਬੰਧੀ ਸੁਝਾਅ ਵੀ ਮੰਗੇ ਤਾਂ ਜੋ ਇਸ ਮੁਹਿੰਮ ਨੂੰ ਕੋਈ ਸਾਰਥਕ ਦਿਸ਼ਾ ਦਿੱਤੀ ਜਾ ਸਕੇ । ਉਹਨਾਂ ਹਰ ਫੈਕਲਟੀ ਮੈਂਬਰ ਤੋਂ ਉਮੀਦ ਕੀਤੀ ਕਿ ਉਹ ਪਿੰਡਾਂ ਵਿੱਚ ਇਸ ਸੰਬੰਧੀ ਆਪਣੀ ਸਰਗਰਮੀ ਸ਼ੁਰੂ ਕਰਨਗੇ । ਜ਼ਿਕਰਯੋਗ ਹੈ ਕਿ ਯੂਨੀਵਰਸਿਟੀ

ਵਿੱਚ ਖੁਦਕੁਸ਼ੀਆਂ ਦੀ ਮਾਨਸਿਕਤਾ ਨੂੰ ਬਦਲਣ ਲਈ ਉਤਸ਼ਾਹ ਪ੍ਰੋਜੈਕਟ ਚੱਲ ਰਿਹਾ ਹੈ ਜਿਸ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਸਰਬਜੀਤ ਸਿੰਘ ਹਨ । ਇਸ ਪ੍ਰੋਜੈਕਟ ਅਧੀਨ ਕਿਸਾਨਾਂ ਨੂੰ ਸਾਦਗੀ ਅਤੇ ਨਸ਼ਾ ਮੁਕਤ ਜੀਵਨ-ਜਾਚ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ

ਉਹਨਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਮੁੱਢਲੀ ਸਹਾਇਤਾ ਦੇ ਕੁੱਝ ਢੰਗ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਸੋਚ ਨੂੰ ਨਾਂਹ ਮੁਖੀ ਹੋਣ ਤੋਂ ਬਚਾਇਆ ਜਾ ਸਕੇ । ਇਸ ਤੋਂ ਪਹਿਲਾਂ ਡਾ. ਸਰਬਜੀਤ ਸਿੰਘ ਨੇ ‘ਉਤਸ਼ਾਹ’ ਪ੍ਰੋਜੈਕਟ ਤੋਂ ਜਾਣੂੰ ਕਰਾਉਦਿਆਂ ਕਿਹਾ ਕਿ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇਸ ਖੇਤਰ ਵਿੱਚ ਵੀ ਇਹ ਪਹਿਲ ਮੰਨੀ ਜਾ ਸਕਦੀ ਹੈ ਕਿ ਉਹ ਦੇਸ਼ ਦੀਆਂ ਤਿੰਨ ਹੋਰ ਯੂਨੀਵਰਸਿਟੀਆਂ ਜਿਹਨਾਂ ਵਿੱਚ ਤਿਲੰਗਾਨਾ ਖੇਤੀਬਾੜੀ ਯੂਨੀਵਰਸਿਟੀ, ਹੈਦਰਾਬਾਦ, ਮਰਾਠਵਾੜਾ ਖੇਤੀਬਾੜੀ ਯੂਨੀਵਰਸਿਟੀ, ਪਰਬਨੀ ਅਤੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਿਲ ਕੇ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ । ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਵਲੰਟੀਅਰ ਵਿਦਿਆਰਥੀ ਤਿਆਰ ਕਰਕੇ ਵਿੱਤੀ ਨਿਰਾਸ਼ਾ ਵਿੱਚ ਘਿਰੇ ਕਿਸਾਨਾਂ ਦੀ ਮਾਨਸਿਕਤਾ ਨੂੰ ਬਦਲਣ ਦਾ ਯਤਨ ਕੀਤਾ ਜਾਵੇਗਾ

। ਇਸ ਸਮੇਂ ਇਕਨਾਮਿਕਸ ਅਤੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸੁਖਪਾਲ ਸਿੰਘ ਨੇ ਕਿਸਾਨ ਖੁਦਕੁਸ਼ੀਆਂ ਸੰਬੰਧੀ ਅਨੇਕਾਂ ਪਹਿਲੂਆਂ ਨੂੰ ਦਰਸਾਉਂਦੇ ਤੱਥ ਅਤੇ ਅੰਕੜੇ ਸਾਂਝੇ ਕੀਤੇ ਅਤੇ ਕਿਹਾ ਕਿ ਖੁਦਕੁਸ਼ੀ ਅਸਲ ਵਿੱਚ ਆਰਥਿਕ, ਸਮਾਜਿਕ ਅਤੇ

ਮਾਨਸਿਕ ਨਿਰਾਸ਼ਾ ਨਾਲ ਬਣਿਆ ਗੁੰਝਲਦਾਰ ਵਰਤਾਰਾ ਹੈ । ਉਹਨਾਂ ਸਪੱਸ਼ਟ ਕੀਤਾ ਕਿ ਇਹ ਜ਼ਿਆਦਾ ਪੰਜਾਬ ਦੀ ਨਰਮਾ ਪੱਟੀ ਵਿੱਚ ਵੇਖਣ ਵਿੱਚ ਆ ਰਿਹਾ ਹੈ । ਬਰਨਾਲਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਬਹੁਤ ਗੰਭੀਰ ਹੈ । ਅੰਕੜੇ ਦੱਸਦੇ ਹਨ

ਕਿ 2008 ਵਿੱਚ ਇਹ ਰੁਝਾਨ ਸਭ ਤੋਂ ਵੱਧ ਸੀ ਕਿਉਂਕਿ ਉਦੋਂ ਖੇਤੀ ਲਾਗਤਾਂ ਵਿੱਚ ਵਾਧਾ, ਖੇਤੀ ਮਜ਼ਦੂਰੀ ਦੀ ਘਾਟ, ਬੇਲੋੜੇ ਕਰਜ਼ੇ, ਕਰਜ਼ੇ ਦੀਆਂ ਵਧ ਦਰਾਂ ਅਤੇ ਸਮਾਜਿਕ ਖੇਤਰ ਦੇ ਖਰਚੇ ਇਸ ਲਈ ਵੱਡਾ ਕਾਰਨ ਬਣੇ । ਡਾ. ਸੁਖਪਾਲ ਨੇ ਕਿਹਾ ਕਿ ਸਹਿਕਾਰੀ

ਖੇਤੀ, ਮੁਹਾਰਤ ਵਿਕਾਸ, ਵਿੱਦਿਆ, ਸਿਹਤ ਸੁਵਿਧਾਵਾਂ, ਆਮਦਨ ਵਿੱਚ ਵਾਧਾ, ਫ਼ਸਲਾਂ ਦੇ ਸਮਰਥਨ ਮੁੱਲ ਅਤੇ ਰੁਜ਼ਗਾਰ ਵਿੱਚ ਵਾਧਾ ਹੀ ਇਸ ਰੁਝਾਨ ਨੂੰ ਠੱਲ ਪਾ ਸਕਦਾ ਹੈ । ਪ੍ਰੋਗਰਾਮ ਦੇ ਆਰੰਭ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ

ਪੀਏਯੂ ਦੇ ਅਫ਼ਸਰਾਂ ਅਤੇ ਫੈਕਲਟੀ ਮੈਂਬਰਾਂ ਨੂੰ ਜੀ ਆਇਆ ਆਖਦਿਆਂ ਯੂਨੀਵਰਸਿਟੀ ਦੀਆਂ ਉਹਨਾਂ ਗਤੀਵਿਧੀਆਂ ਤੋਂ ਵੀ ਜਾਣੂੰ ਕਰਵਾਇਆ ਜੋ ਸਵੱਛਤਾ ਪਖਵਾੜੇ ਅਧੀਨ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਕੀਤੀਆਂ ਗਈਆਂ ।