September 9, 2024
#ਪ੍ਰਮੁੱਖ ਖ਼ਬਰਾਂ #ਮਨੋਰੰਜਨ

ਸਲਮਾਨ ਨਾਲ ਰੇਸ 3 ਵਿਚ ਕੰਮ ਕਰਨਗੇ ਬੌਬੀ ਦਿਓਲ 

ਮੁੰਬਈ : ਬੌਬੀ ਦਿਓਲ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਫਿਲਮ ‘ਪੋਸਟਰ ਬੁਆਏਜ਼’ ਨਾਲ ਵਾਪਸੀ ਕੀਤੀ। ਸ਼੍ਰੇਅਸ ਤਲਪੜੇ ਦੀ ਇਸ ਫਿਲਮ ‘ਚ ਬੌਬੀ ਅਤੇ  ਸੰਨੀ ਦਿਓਲ ਨੇ ਇਕੱਠੇ ਕੰਮ ਕੀਤਾ। ਕਾਮੇਡੀ ਫਿਲਮ ਹੋਣ ਦੇ ਬਾਵਜੂਦ ਫਿਲਮ ਫਲਾਪ ਹੋ ਗਈ। ਬੌਬੀ ਨੂੰ ਇਸ ਫਿਲਮ ਤੋਂ  ਕਾਫੀ ਉਮੀਦ ਸੀ ਕਿ ਇਸ ਫਿਲਮ ਨਾਲ ਉਨ੍ਹਾਂ ਦਾ ਖਤਮ ਹੋ ਰਿਹਾ ਕਰੀਅਰ ਸੁਧਰ ਜਾਵੇਗਾ ਪਾਰ ਅਜਿਹਾ ਨਾ ਹੋ ਸਕਿਆ। ਬਹਿਰਹਾਲ ਹੁਣ ਬੌਬੀ ਦਿਓਲ ਮੁੜ ਉੱਮੀਦ ਦੀ  ਕਿਰਨ ਦਿੱਸੀ ਹੈ ।

ਖ਼ਬਰ ਹੈ ਕਿ ਬੌਬੀ ਦਿਓਲ ਨੂੰ ਇਕ ਬਹੁਤ ਵੱਡੇ ਬੈਨਰ ਦੀ ਵੱਡੀ ਫਿਲਮ ਆਫਰ ਹੋਈ ਹੈ। ਇਹ ਫਿਲਮ ਖੁਦ ਸਲਮਾਨ ਖਾਨ ਨੇ ਉਨ੍ਹਾਂ ਨੂੰ ਆਫਰ ਕੀਤੀ ਹੈ। ਸਲਮਾਨ ਨੇ ਬੌਬੀ ਨੂੰ ‘ਰੇਸ 3’ ਲਈ ਸਾਈਨ ਕੀਤਾ ਹੈ। ਜਾਣਕਾਰੀ ਮੁਤਾਬਕ ‘ਰੇਸ’ ਅਤੇ ‘ਰੇਸ 2’ ਦਾ ਬਜਟ ਕਰੀਬ 220 ਕਰੋੜ ਰੁਪਏ ਸੀ। ਇਸ ਲਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਦਾ ਬਜਟ 300 ਕਰੋੜ ਦੇ ਕਰੀਬ ਹੋਵੇਗਾ। ਬੌਬੀ ਲਈ ਇੰਨੇ ਵੱਡੇ ਬਜਟ ਦੀ ਫਿਲਮ ‘ਚ ਕੰਮ ਕਰਨਾ ਹੈਰਾਨੀ ਦੀ ਗੱਲ ਹੈ।

ਫਿਲਮ ਦੇ ਨਿਰਮਾਤਾ ਰਮੇਸ਼ ਤੌਰਾਨੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾ ਵੀ ਬੌਬੀ ਦੇ ਨਾਲ ‘ਸੋਲਜ਼ਰ’ ਅਤੇ ‘ਨਕਾਬ’ ਫਿਲਮ ‘ਚ ਕੰਮ ਕਰ ਚੁੱਕਿਆ ਹੈ । ਉਨ੍ਹਾਂ ਨਾਲ ਮੇਰਾ ਤਜ਼ਰਬਾ ਕਾਫੀ ਚੰਗਾ ਰਿਹਾ ਹੈ। ਉਹ ਬਹੁਤ ਪ੍ਰ੍ਰੋਫੈਸ਼ਨਲ ਹੈ ਅਤੇ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੌਬੀ ਫਿਲਮ ‘ਚ ਇਕ ਅਜਿਹਾ ਰੋਲ ਕਰੇਗਾ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ।

ਬੌਬੀ ਲੰਮੇ ਸਮੇਂ ਤੋਂ ਅਜਿਹੀ ਵੱਡੀ ਫਿਲਮ ਦੀ ਉਡੀਕ ਵਿਚ ਸੀ । ਫਿਲਮਾਂ ਨਾ ਮਿਲਣ ਕਾਰਨ ਉਹ ਡਿਪ੍ਰੈਸ਼ਨ ‘ਚ ਵੀ ਚਲਾ ਗਿਆ ਸੀ। ਵੱਡੇ ਬਜਟ ਦੀ ਫਿਲਮ ਲਈ ਉਸਨੂੰ ਮੋਟੀ ਫੀਸ ਵੀ ਮਿਲੇਗੀ। ਜ਼ਿਕਰਯੋਗ ਹੈ ਕਿ ਫਿਲਮ ‘ਚ ਸਾਰੇ ਕਿਰਦਾਰ ਗ੍ਰੇ ਸ਼ੇਡ ‘ਚ ਨਜ਼ਰ ਆਉਣਗੇ। ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਸਿਧਾਰਥ ਮਲਹੋਤਰਾ, ਆਦਿਤਿਯ ਰਾਏ ਕਪੂਰ ਤੋਂ ਬਾਅਦ ਬੌਬੀ ਵੀ ਫਿਲਮ ਦੀ ਕਾਸਟ ‘ਚ ਸ਼ਾਮਲ ਹੋ ਗਏ ਹਨ।