December 8, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਸਹਿਕਾਰੀ ਵਿਭਾਗ ਵਲੋ ਪੇਂਡੂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਦਿਨਾਂ ਪ੍ਰਦਰਸ਼ਨੀ ਲਗਾਈ 

ਚੰਡੀਗੜ੍ਹ, 13 ਅਕਤੂਬਰ: ਪੰਜਾਬ ਸਹਿਕਾਰੀ ਸਭਾਵਾਂ ਵਲੋਂ ਅੱਜ ਇਥੇ ਲਾਲਾ ਲਾਜਪਤ ਰਾਏ ਭਵਨ ਵਿਖੇ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ ਅਧੀਨ ਸਵੈ-ਸਹਾਇਤਾ ਗਰੁੱਪਾਂ ਦੁਆਰਾ ਤਿਆਰ ਕੀਤੀਆਂ ਪੇਂਡੂ ਵਸਤਾ ਦੇ ਉਤਪਾਦਾਂ ਦੀ ਪ੍ਰਦਰਸ਼ਨੀ-ਕਮ-ਵਿਕਰੀ ਲਗਾਈ ਗਈ ਜਿਸ ਦਾ ਉਦਘਾਟਨ ਨਾਬਾਰਡ ਦੇ ਜਨਰਲ ਮੈਨੇਜਰ ਸ਼੍ਰੀ ਜੇ.ਪੀ.ਐਸ ਬਿੰਦਰਾ ਨੇ ਕੀਤਾ|
ਇਹ ਪ੍ਰਦਰਸ਼ਨੀ ਪੰਜਾਬ ਸਹਿਕਾਰੀ ਵਿਭਾਗ ਵੱਲੋਂ ਨਾਬਾਰਡ, ਮਾਰਕਫੈਡ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਸਹਿਯੋਗ ਨਾਲ ਲਗਾਈ ਗਈ ਹੈ| ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 28 ਸਵੈ-ਸਹਾਇਤਾ ਗਰੁੱਪਾਂ ਨੇ ਵਿਕਰੀ ਲਈ ਆਪਣੇ ਉਤਪਾਦ ਪੇਸ਼ ਕੀਤੇ ਹਨ| ਪ੍ਰਦਰਸ਼ਨੀ ਵਿਚ ਚੰਡੀਗੜ, ਪੰਚਕੁਲਾ ਤੇ ਮੋਹਾਲੀ ਦੇ ਵਸਨੀਕ ਪੇਂਡੂ ਉਤਪਾਦ ਖਰੀਦਣ ਲਈ ਆਪਣੀ ਰੁਚੀ ਦਿਖਾ ਰਹੇ ਹਨ|
ਇਸ ਸਬੰਧੀ ਸਹਿਕਾਰੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਵਿਭਾਗ ਅਜਿਹੇ ਸਵੈ ਸੇਵੀ ਗਰੁੱਪਾਂ ਦੁਆਰਾ ਤਿਆਰ ਕੀਤੀਆਂ ਘਰੇਲੂ ਵਸਤਾਂ ਨੂੰ ਉਤਸ਼ਾਹਤ ਕਰਨ ਅਤੇ ਮੰਡੀਕਰਨ ਲਈ ਪਹਿਲ ਦੇਵੇਗਾ| ਇਸ ਮੌਕੇ ‘ਤੇ ਵੱਖ-ਵੱਖ ਗਰੁੱਪਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਚੰਡੀਗੜ ਦੇ ਗ੍ਰਾਹਕਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਨ ਲਈ ਉਹ ਸਹਿਕਾਰੀ ਵਿਭਾਗ, ਮਾਰਕਫੈਡ ਅਤੇ ਪੰਜਾਬ ਐਗਰੋ ਦੇ ਪ੍ਰਤੀ ਬਹੁਤ ਧੰਨਵਾਦੀ ਹਨ|
ਸਹਿਕਾਰਤਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ-ਕਮ-ਸੇਲ ਐਤਵਾਰ 15 ਅਕਤੂਬਰ, 2017 ਤਕ ਸਵੇਰੇ 10:00 ਤੋਂ ਸ਼ਾਮ 8:00 ਤਕ ਜਾਰੀ ਰਹੇਗੀ|
ਇਸ ਮੌਕੇ ਹੋਰਨਾ ਤੋਂ ਇਲਾਵਾ ਐਮ.ਡੀ.ਪਨਕੋਫੈਡ ਸ਼੍ਰੀ ਮੁਨੀਸ਼ਵਰ ਚੰਦਰ, ਵਧੀਕ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਸ਼੍ਰੀਮਤੀ ਨਿਸ਼ਾ ਰਾਣਾ, ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਰੋਪੜ ਸ਼੍ਰੀਮਤੀ ਬਲਜਿੰਦਰ ਕੌਰ ਹਾਜਰ ਸਨ|