December 8, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਪਹਿਲੇ ਪੜਾਅ ਵਿੱਚ ਕੈਂਸਰ ਡਾਇਗਨੌਜ਼ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ

ਚੰਡੀਗੜ੍ਹ 13 ਅਕਤੂਬਰ:
ਪੰਜਾਬ ਸਰਕਾਰ ਨੇ ਪਹਿਲੇ ਪੜਾਅ ਵਿੱਚ ਕੈਂਸਰ ਡਾਇਗਨੌਜ਼ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ| ਇਸ ਅਬਾਦੀ ਤੇ ਅਧਾਰਿਤ ਸਕਰੀਨਿੰਗ ਪ੍ਰੋਗਰਾਮ ਅਧੀਨ ਮਰੀਜ਼ਾਂ ਵਿੱਚ ਕੈਂਸਰ, ਡਾਇਬਿਟੀ, ਕਾਰਡੀਓਵਸਕੂਲਰ ਦੀ ਬਿਮਾਰੀਆਂ ਦੀ ਪੁਸ਼ਟੀ ਕਰਕੇ  ਮਰੀਜ਼ਾਂ ਨੂੰ ਸੂਚੀਬੱਧ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਪਿੰਡਾਂ ਵਿੱਚ ਸਕਰੀਨਿੰਗ ਪ੍ਰੋਗਰਾਮ ਨੂੰ ਸੁਚਾਰੂ ਅਤੇ ਪ੍ਰਭਾਵੀ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਮੈਡੀਕਲ ਅਫਸਰਾਂ, ਸਟਾਫ ਨਰਸਾਂ, ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੇ ਅਧੀਨ ਹੁਣ ਤੱਕ 81 ਮੈਡੀਕਲ ਅਫਸਰਾਂ, 3652 ਏ.ਐਨ.ਐਮਜ਼. ਅਤੇ 155 ਨਰਸਿੰਗ ਸਿਸਟਰਜ਼ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ| ਉਨ੍ਹਾਂ ਕਿਹਾ ਕਿ ਜਲਦ ਹੀ ਨਾਨ-ਕਮਿਊਨੀਕੇਬਲ ਡਾਇਜ਼ਜ਼ ਨਾਲ ਸਬੰਧਤ ਅਬਾਦੀ ਤੇ ਅਧਾਰਿਤ ਟ੍ਰੇਨਿੰਗ ਜ਼ਿਲਾ ਪੱਧਰ ਤੇ ਵੱਖ-ਵੱਖ ਸ਼੍ਰੇਣੀਆਂ ਨੂੰ ਦਿੱਤੀ ਜਾਵੇਗੀ|
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੇ ਪੜਾਅ ਵਿੱਚ ਕੈਂਸਰ ਦਾ ਪਤਾ ਲਗਾਉਣ ਲਈ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾ ਹੀ ਕੀਤੀ ਜਾ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਮਾਹਿਰਾਂ ਅਨੁਸਾਰ ਜੇਕਰ ਪਹਿਲੇ ਪੜਾਅ ਵਿੱਚ ਮਰੀਜ਼ ਨੂੰ ਕੈਂਸਰ ਦਾ ਪਤਾ ਲਗ ਜਾਵੇ ਤਾਂ ਇਸ ਦਾ ਇਲਾਜ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਕੇਵਲ ਹਾਂ ਪੱਖੀ ਸੋਚ ਅਤੇ ਮਜ਼ਬੂਤ ਇਰਾਦੇ ਨਾਲ ਹੀ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦਾ ਇਲਾਜ ਸੂਚੀਬੱਧ ਕੀਤੇ ਗਏ ਹਸਪਤਾਲਾਂ ਵਿੱਚ ਕਰਵਾਉਣ ਲਈ ਵਚਨਬੱਧ ਹੈ|
ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਂਸਰ ਸਕਰੀਨਿੰਗ ਅਧੀਨ 1 ਅਪ੍ਰੈਲ 2017 ਤੋਂ ਹੁਣ ਤੱਕ 31059 ਔਰਤਾਂ ਦਾ ਸਰਵਿਕਸ ਕੈਂਸਰ ਕੈਟੇਗਰੀ ਅਧੀਨ ਚੈਕਅੱਪ ਕੀਤਾ ਗਿਆ ਜਿਨ੍ਹਾਂ ਵਿੱਚ 549 ਮਾਮਲੇ ਸ਼ੱਕੀ ਪਾਏ ਗਏ ਅਤੇ 487 ਮਾਮਲਿਆਂ ਨੂੰ ਅੱਗੇ ਰੈਫਰ ਕੀਤਾ ਗਿਆ| ਉਨ੍ਹਾਂ ਕਿਹਾ ਕਿ 44436 ਔਰਤਾਂ ਦਾ ਛਾਤੀ ਦੇ ਕੈਂਸਰ ਅਧੀਨ ਚੈਕਅੱਪ ਕੀਤਾ ਗਿਆ ਜਿਹਨਾਂ ਵਿਚੋਂ 572 ਮਾਮਲੇ ਸ਼ੱਕੀ ਪਾਏ ਗਏ ਅਤੇ 527 ਮਾਮਲਿਆਂ ਨੂੰ ਅਗਲੀ ਪੜਤਾਲ ਲਈ ਰੈਫਰ ਕੀਤਾ ਗਿਆ| ਉਨ੍ਹਾਂ ਅੱਗੇ ਕਿਹਾ ਕਿ ਮੂੰਹ ਦੇ ਕੈਂਸਰ ਸਕਰੀਨਿੰਗ ਅਧੀਨ 32430 ਔਰਤਾਂ ਅਤੇ 19932 ਮਰਦਾਂ ਦਾ ਚੈਕਅੱਪ ਕੀਤਾ ਗਿਆ ਜਿਨ੍ਹਾਂ ਵਿਚੋਂ 226 ਔਰਤਾਂ ਅਤੇ 285 ਮਰਦਾਂ ਦੇ ਮਾਮਲੇ ਸ਼ੱਕੀ ਪਾਏ ਗਏ ਅਤੇ 194 ਔਰਤਾਂ ਅਤੇ 272 ਮਰਦਾਂ ਦੇ ਮਾਮਲੇ ਅਗਲੀ ਪੜਤਾਲ ਲਈ ਰੈਫਰ ਕੀਤੇ ਗਏ|
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਚਲਾਈ ਇਸ ਕੈਂਸਰ ਵਿਰੋਧੀ ਮੁਹਿੰਮ ਅਧੀਨ 121 ਮਰੀਜ਼ਾਂ ਵਿੱਚ ਕੈਂਸਰ ਦੀ ਪੁਸ਼ਟੀ ਪਾਈ ਗਈ ਹੈ ਅਤੇ ਉਨ੍ਹਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਤੀਜ਼ੀ ਸ਼੍ਰੇਣੀ ਦੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ|