ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਵਲੋਂ ਪੰਜਾਬ ਵਿਚ ਬਿਜਲੀ ਦਰਾਂ ਵਧਾਉਣ ਦੇ ਫੈਸਲੇ ਦੀ ਨਿਖੇਧੀ
ਐਸ ਏ ਐਸ ਨਗਰ: ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਐਸ ਏ ਐਸ ਨਗਰ ਦੀ ਇਕ ਮੀਟਿੰਗ ਪ੍ਰਧਾਨ ਐਮ ਡੀ ਸਿੰਘ ਸੋਢੀ ਦੀ ਅਗਵਾਈ ਵਿਚ ਹੋਈ,ਜਿਸ ਵਿਚ ਪੰਜਾਬ ਵਿਚ ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਵਾਧੇ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਿੰਗ ਵਿਚ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਵਿਚ ਘਰੇਲੂ ਅਤੇ ਵਪਾਰਕ ਬਿਜਲੀ ਦੀਆਂ ਦਰਾਂ ਵਿਚ 10 ਫੀਸਦੀ ਵਾਧਾ ਕਰਨ ਦੀ ਤਜਵੀਜ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਉਪਰ ਬਹੁਤ ਹੀ ਮਾਲੀ ਬੋਝ ਪੈ ਜਾਵੇਗਾ| ਉਹਨਾਂ ਕਿਹਾ ਕਿ ਆਮ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਹਨ ਪਰ ਹੁਣ ਪੰਜਾਬ ਬਿਜਲੀ ਰੈਗੂਲਟਰੀ ਕਮਿਸ਼ਨ ਵਲੋਂ ਬਿਜਲੀ ਦਰਾਂ ਵਿਚ ਕੀਤਾ ਜਾਣ ਵਾਲਾ 10 ਫੀਸਦੀ ਵਾਧਾ ਲੋਕਾਂ ਉਪਰ ਹੋਰ ਵਿੱਤੀ ਬੋਝ ਪਾ ਦੇਵੇਗਾ| ਉਹਨਾਂ ਮੰਗ ਕੀਤੀ ਕਿ ਪੰਜਾਬ ਵਿਚ ਬਿਜਲੀ ਦਰਾਂ ਵਿਚ ਕੀਤਾ ਜਾਣ ਵਾਲਾ ਵਾਧਾ ਵਾਪਸ ਲਿਆ ਜਾਵੇ|
ਇਸ ਮੌਕੇ ਸੀ ਮੀਤ ਪ੍ਰਧਾਨ ਹਰਭਜਨ ਸਿੰਘ, ਜਨਰਲ ਸਕੱਤਰ ਕਰਨਲ ਅੰਗਦ ਸਿੰਘ, ਮੀਤ ਪ੍ਰਧਾਨ ਐਚ ਐਸ ਖਹਿਰਾ, ਐਸ ਐਸ ਗੁਰਾਇਆ ਵੀ ਮੌਜੂਦ ਸਨ|