ਜਿਲ੍ਹਾ ਕਮੇਟੀ ਸੀਟੂ ਮੋਹਾਲੀ ਚੰਡੀਗੜ੍ਹ ਨੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ
ਪ੍ਰਦਰਸ਼ਨਕਾਰੀ ਆਂਗਨਵਾੜੀ ਵਰਕਰ ਤੇ ਅੰਨ੍ਹੇਵਾਹ ਲਾਠੀਚਾਰਜ ਤੇ ਪੁਲਿਸ ਤਸੱਦਦ ਦੀ ਨਿਖੇਧੀ
ਮੋਹਾਲੀ:- ਕੱਲ ਜਦੋਂ ਪਟਿਆਲਾ ਵਿਖੇ ਆਂਗਨਵਾੜੀ ਯੂਨੀਅਨ (ਸੀਟੂ) ਦੀ ਅਗਵਾਈ ਵਿੱਚ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਤੀ ਮਹੱਲ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਜਮਹੂਰੀ ਅਧਿਕਾਰਾਂ ਦਾ ਹਨਨ ਕਰਦੇ ਹੋਏ ਉਹਨਾਂ ਵਰਕਰਾਂ ਦੀ ਓਵਰਬ੍ਰਿਜ ਦੇ ਥੱਲੇ ਘੇਰੇਬੰਦੀ ਕੀਤੀ ਤੇ ਵਰਕਰਾਂ ਦੀ ਖਿੱਚ ਧੂਹ ਕਰਕੇ ਉਹਨਾਂ ਨੂੰ ਕੈਪਟਨ ਦੇ ਮੋਤੀ ਮਹੱਲ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਤਾਂ ਆਂਗਨਵਾੜੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੁੱਖ ਮੰਤਰੀ ਉਹਨਾਂ ਦੇ ਮੰਗ ਪੱਤਰ ਤੇ ਗੱਲਬਾਤ ਦਾ ਸਮਾਂ ਤਹਿ ਨਹੀਂ ਕਰਦੇ ਤਾਂ ਉਹ ਰਾਤ ਨੂੰ ਉਥੇ ਹੀ ਧਰਨਾ ਦੇਣਗੇ ਅਤੇ ਸਮਾਂ ਤਹਿ ਹੋਣ ਤੇ ਹੀ ਧਰਨਾ ਚੁੱਕਿਆ ਜਾਵੇਗਾ| ਇਸ ਰੋਸ ਪਰਦਰਸ਼ਨ ਨੂੰ ਮੱਦੇ ਨਜਰ ਰੱਖਦੇ ਹੋਏ ਪੁਲਿਸ ਨੇ ਪਟਿਆਲਾ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਅਤੇ ਤਕਰੀਬਨ ਅੱਧੀ ਰਾਤ ਵੇਲੇ ਧਰਨੇ ਤੇ ਬੈਠੀਆਂ ਵਰਕਰਾਂ ਤੇ ਲੀਡਰਸ਼ਿਪ ਤੇ ਪੁਲਿਸ ਵੱਲੋਂ ਅੰਨ੍ਹੇਵਾਹ ਲਾਡੀਚਾਰਜ ਕੀਤਾ ਅਤੇ ਲੀਡਰਾਂ ਨੂੰ ਧੱਕੇ ਨਾਲ ਚੁੱਕ ਕੇ ਥਾਣੇ ਵਿੱਚ ਡੱਕ ਦਿੱਤਾ| ਪਤਾ ਲੱਗਣ ਤੇ ਸੀਟੂ ਦੀਆਂ ਬਾਕੀ ਯੂਨੀਅਨਾਂ ਵਿੱਚ ਇਸ ਗੱਲ ਦਾ ਸਖਤ ਨੋਟਿਸ ਲਿਆ ਕਿ ਵੋਟਾਂ ਸਮੇਂ ਝੂਠੇ ਵਾਅਦੇ ਕਰਕੇ ਸਰਕਾਰ ਸੰਭਾਲਦੇ ਸਮੇਂ ਹੀ ਅਕਾਲੀ ਸਰਕਾਰ ਦੀਆਂ ਵਧੀਕੀਆਂ ਨੂੰ ਮਾਤ ਪਾਉਂਦੇ ਹੋਏ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਵਰਕਰਾਂ ਨੂੰ ਕੁੱਟਣ ਦੀਆਂ ਪੁਲਿਸ ਨੂੰ ਪੂਰੀ ਛੁੱਟੀ ਦੇ ਦਿੱਤੀ| ਰਾਤ ਦੇ ਹਨ੍ਹੇਰੇ ਵਿੱਚ ਪੁਲਿਸ ਦਾ ਨਿਹੱਥੀਆਂ ਆਂਗਨਵਾੜੀ ਵਰਕਰਾਂ/ਹੈਲਪਰਾਂ ਉਪਰ ਆਪਣੇ ਦੇਸ਼ ਵਿੱਚ ਸਰਜੀਕਲ ਸਟਰਾਇਕ ਵਰਗੀ ਕਾਰਵਾਈ ਕਰਦੇ ਇੰਦਰਾ ਗਾਂਧੀ ਵੱਲੋਂ ਲਈ ਗਈ ਐਮਰਜੈਂਸੀ ਦੀ ਯਾਦ ਤਾਜਾ ਕਰਵਾ ਦਿੱਤੀ ਅਤੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਰਕਰਾਂ ਨੂੰ ਲੁੱਟਣ ਤੇ ਕੁੱਟਣ ਵਿੱਚ ਪੰਜਾਬ ਦੀ ਸਰਕਾਰ ਮੋਦੀ ਸਰਕਾਰ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ|
ਇਸ ਘਟਨਾ ਦਾ ਪਤਾ ਲੱਗਣ ਤੇ ਸੀਟੂ ਚੰਡੀਗੜ੍ਹ-ਮੁਹਾਲੀ ਦੀ ਜਿਲ੍ਹਾ ਕਮੇਟੀ ਦੇ ਪ੍ਰਧਾਨ ਸਾਥੀ ਕੁਲਦੀਪ ਸਿੰਘ, ਸਕੱਤਰ ਸਾਥੀ ਦਿਨੇਸ਼ ਪ੍ਰਸ਼ਾਦ ਅਤੇ ਪੰਜਾਬ ਸੀਟੂ ਦੇ ਵਾਇਸ ਪ੍ਰਧਾਨ ਚੰਦਰ ਸ਼ੇਖਰ ਨੇ ਇਹ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਇਸ ਔਰੰਗਜ਼ੇਬ ਵਾਲ ਤਸੱਦਦ ਦੀ ਨਿਖੇਧੀ ਕਰਦੇ ਹੋਏ ਆਂਗਨਵਾੜੀ ਦੇ ਵਰਕਰਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਮੰਗਾਂ ਪੂਰੀਆਂ ਹੋਣ ਤੱਕ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ|