December 4, 2024
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਗਿਣਤੀ ਵਧਾਉਣ ਲਈ ਬੱਚਿਆਂ ਦੀ ਬੋਗਸ ਭਰਤੀ ਨਾ ਕੀਤੀ ਜਾਵੇ-ਸਿੱਖਿਆ ਸਕੱਤਰ

ਐੱਸ .ਏ.ਐੱਸ ਨਗਰ 24 ਅਕਤੂਬਰ :  ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦਰਮਿਆਨ ਅੱਜ ਹੋਈ ਗੱਲਬਾਤ ਅਨੁਸਾਰ ਸਿੱਖਿਆ ਸਕੱਤਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਹੋਣ ਜਾ ਰਹੀ ਸ਼ੁਰੂਆਤ ਬਾਰੇ ਉਨ੍ਹਾਂ ਮੰਚ ਦੇ ਆਗੂਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਦੇਖ ਭਾਲ ਲਈ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਭਰਵਾਂ ਸਹਿਯੋਗ ਲਿਆ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਤਿਕਾਰ ਦਿੱਤਾ ਜਾਵੇ
ਅੱਜ ਦੀ ਮੀਟਿੰਗ ਵਿੱਚ ਮੰਚ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਾਨੂੰ 14 ਨਵੰਬਰ ਦੀ ਬਜਾਏ 25 ਅਕਤੂਬਰ ਤੋਂ ਹੀ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਇਨਰੋਲਮੈਂਟ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ| ਇਸ ਸਬੰਧੀ ਸਕੱਤਰ ਜੀ ਨੇ ਕਿਹਾ ਕਿ ਜੇਕਰ ਇਹ ਸ਼ੁੱਭ ਕਾਰਜ ਅਧਿਆਪਕ ਜਲਦੀ ਅਤੇ ਸੰਜੀਦਗੀ ਨਾਲ ਮਿਥੇ  ਸਮੇਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਸ ਸੰਬੰਧੀ ਮਹਿਕਮੇ ਵੱਲੋਂ ਬਹੁਤ ਜਲਦ ਪੱਤਰ ਜਾਰੀ ਕਰ ਦਿੱਤਾ ਜਾਵੇਗਾ| ਸਿੱਖਿਆ ਸਕੱਤਰ ਨੇ ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ‘ਤੇ ਹਰ ਇੱਕ ਸਕੂਲ ਵਿੱਚ ਫੰਕਸ਼ਨ ਕਰਕੇ ਇਸ ਸ਼ੁੱਭ ਕਾਰਜ ਦਾ ਬਕਾਇਦਾ ਆਗਾਜ਼ ਕੀਤਾ ਜਾਵੇਗਾ|
ਇੱਥੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਸਰਕਾਰੀ ਸਿੱਖਿਆ ਬਚਾਉ ਮੰਚ ਦੇ ਆਗੂਆਂ ਨੇ ਮੀਟਿੰਗ ਵਿੱਚ ਸੁਝਾਅ ਰੱਖਿਆ ਸੀ ਕਿ ਉਹ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਹਰ ਹਾਲਤ 20 ਬੱਚਿਆਂ ਤੱਕ ਵਧਾਉਣ ਦੀ ਪੂਰੀ ਵਾਹ ਲਾਉਣਗੇ | ਅਧਿਆਪਕ ਮੰਚ ਦੇ ਆਗੂਆਂ ਨੇ ਦੱਸਿਆ ਕਿ ਉਹ ਬੱਚਿਆਂ ਦੀ ਗਿਣਤੀ ਵਧਾਉਣ ਲਈ ਪੰਚਾਇਤਾਂ , ਮਾਪਿਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀਆਂ ਵੱਧ ਤੋਂ ਵੱਧ ਸੇਵਾਵਾਂ ਹਾਸਲ ਕਰਨਗੇ|  ਸਿੱਖਿਆ ਸਕੱਤਰ ਨੇ ਸਪਸ਼ਟ ਕਰਦਿਆਂ ਕਿਹਾ ਕਿ 30 ਨਵੰਬਰ ਤੱਕ ਜਿਹੜੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਰਹਿੰਦੀ ਹੈ ਤਾਂ ਉਨ੍ਹਾਂ ਸਕੂਲਾਂ ਬਾਰੇ ਪਹਿਲਾਂ ਜਾਰੀ ਪੱਤਰ ਦੇ ਨਿਯਮਾਂ ਅਨੁਸਾਰ ਹੀ ਬਣਦੀ  ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਕਿਹਾ ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਬੋਗਸ ਬੱਚਿਆਂ ਦੀ ਭਰਤੀ ਕਿਸੇ ਸਕੂਲ ਵਿੱਚ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਸਬੰਧਿਤ ਸਾਰੇ ਸਕੂਲਾਂ ਦੇ ਕੇਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ| ਅੱਜ ਦੀ ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ,ਡੀ.ਪੀ.ਆਈ(ਐਲੀ) ਇੰਦਰਜੀਤ ਸਿੰੰਘ ਮੰਚ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਹੋਰ ਆਗੂ ਸ਼ਾਮਲ ਸਨ|