ਪੰਜਾਬ ਵਿਧਾਨ ਸਭਾ ਵੱਲੋਂ ਵਿਛੜ ਚੁਕੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀਆਂ ਭੇਟ, ਦੋ ਸਾਲਾ ਦੇ ਫਤਹਿਵੀਰ ਸਿੰਘ ਨੂੰ ਵੀ ਸ਼ਰਧਾਂਜਲੀ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੇ ਆਪਣੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੜ ਚੁੱਕੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ।ਇਸ ਦੌਰਾਨ ਸਦਨ ਨੇ ਫਤਹਿਵੀਰ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਸ ਦੀ ਬੋਰਵੈਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ।20 ਜੁਲਾਈ ਨੂੰ ਵਿਛੋੜਾ ਦੇ ਚੁੱਕੀ ਉੱਘੀ ਕਾਂਗਰਸੀ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਅਤੇ 1992 ਤੋਂ 1998 ਤੱਕ ਰਾਜ ਸਭਾ ਦੇ ਮੈਂਬਰ ਰਹੇ ਵਰਿੰਦਰ ਕਟਾਰੀਆ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।ਬਠਿੰਡਾ ਤੋਂ 1967 ਵਿੱਚ ਬਣੇ ਐਮ.ਪੀ ਕਿੱਕਰ ਸਿੰਘ, 1992 ਵਿੱਚ ਸੁਤਰਾਣਾ ਹਲਕੇ ਤੋਂ ਚੁਣੇ ਗਏ ਵਿਧਾਇਕ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਅਤੇ ਸਾਬਕਾ ਸੀ.ਪੀ.ਐਸ ਅਤੇ ਵਿਧਾਇਕ ਚੌਧਰੀ ਨੰਦ ਲਾਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਸਨੇਹ ਲਤਾ, ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ, ਪਰਮਜੀਤ ਸਿੰਘ ਅਤੇ ਕਰਨੈਲ ਸਿੰਘ ਡੋਡ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਆਜ਼ਾਦੀ ਘੁਲਾਟੀਆਂ ਗੁਰਮੇਜ ਸਿੰਘ, ਕੁਲਵੰਤ ਸਿੰਘ, ਈਸ਼ਰ ਸਿੰਘ, ਉਜਾਗਰ ਸਿੰਘ, ਜੰਗੀਰ ਸਿੰਘ, ਸੰਤਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਲਖਵੀਰ ਸਿੰਘ ਨੂੰ ਵੀ ਸਦਨ ਨੇ ਯਾਦ ਕੀਤਾ।ਸਪੀਕਰ ਰਾਣਾ ਕੇ. ਪੀ ਸਿੰਘ ਨੇ ਪ੍ਰਸਤਾਵ ਕੀਤਾ ਕਿ ਉਨਾਂ ਸਾਰੇ ਮੈਂਬਰਾਂ ਨੂੰ ਸਰਧਾਂਜਲੀ ਦਿੱਤੀ ਜਾਵੇ ਜਿਹੜੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੋੜਾ ਦੇ ਗਏ ਹਨ। ਉੱਘੀਆਂ ਸ਼ਖਸ਼ੀਅਤਾਂ ਦੇ ਹਵਾਲਿਆਂ ਤੋਂ ਬਾਅਦ ਸਦਨ ਨੇ ਸ਼ੋਕ ਮਤਾ ਪਾਸ ਕੀਤਾ। ਵਿਛੜੀਆਂ ਰੂਹਾਂ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆਸਪੀਕਰ ਨੇ ਵਿਧਾਇਕ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ, ਸੁਨਾਮ ਦੇ ਵਿਧਾਇਕ ਅਮਨ ਅਰੋੜਾ ਅਤੇ ਆਤਮ ਨਗਰ (ਲੁਧਿਆਣਾ) ਤੋਂ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਦੋ ਸਾਲਾ ਫਤਿਹਵੀਰ ਸਿੰਘ ਨੂੰ ਸਰਧਾਂਜਲੀ ਭੇਟ ਕਰਨ ਦੀ ਬੇਨਤੀ ਨੂੰ ਵੀ ਮੰਨ ਲਿਆ ਗਿਆ ਜਿਸਦੀ ਉਸ ਦੇ ਜੱਦੀ ਪਿੰਡ ਭਗਵਾਨ ਪੁਰਾ (ਸੰਗਰੂਰ) ਵਿਖੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਮੌਤ ਹੋ ਗਈ ਸੀ।ਸਪੀਕਰ ਰਾਣਾ ਕੇਪੀ ਸਿੰਘ ਦੇ ਪ੍ਰਸਤਾਵ ‘ਤੇ ਸਦਨ ਨੇ ਸਰਬਸੰਮਤੀ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪੁਲਾਂ ਵਾਲੇ ਬਾਬਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਬਾਬਾ ਲਾਭ ਸਿੰਘ ਦੇ ਨਾਮ ਨੂੰ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿਚ ਸ਼ਾਮਲ ਕਰਨ ਸਹਿਮਤੀ ਦੇ ਦਿੱਤੀ। ਗੌਰਤਲਬ ਹੈ ਕਿ ਬਾਬਾ ਲਾਭ ਸਿੰਘ ਨੇ ਕਾਰ ਸੇਵਾ ਰਾਹੀਂ ਸਤਲੁਜ ਦਰਿਆ ਦੇ ਉੱਪਰ 9 ਪੁਲ ਬਣਾਏ ਹਨ।