December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਅਯੁੱਧਿਆ ਵਿਵਾਦ ‘ਤੇ ਵਿਚੋਲਗੀ ਕਮੇਟੀ ਫੇਲ੍ਹ

6 ਅਗਸਤ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ
ਨਵੀਂ ਦਿੱਲੀ – ਅਯੁੱਧਿਆ ਭੂਮੀ ਵਿਵਾਦ ਉੱਤੇ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ, ਸਾਲਸੀ (ਵਿਚੋਲਗੀ) ਨੂੰ ਲੈ ਕੇ ਬਣਾਈ ਗਈ 3 ਮੈਂਬਰੀ ਪੈਨਲ ਨਾਲ ਕੋਈ ਨਤੀਜਾ ਨਹੀਂ ਨਿਕਲ ਸਕਿਆ। ਸਾਲਸੀ ਪੈਨਲ ਵੱਲੋਂ ਵੀਰਵਾਰ ਨੂੰ ਸੌਂਪੀ ਗਈ ਰਿਪੋਰਟ ਦੇ ਇੱਕ ਦਿਨ ਬਾਅਦ ਮੁੱਖ ਜੱਜ ਦੀ ਪ੍ਰਧਾਨਗੀ ਵਿੱਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਇਸ ਉੱਤੇ ਸੁਣਵਾਈ ਕਰਦੇ ਹੋਏ ਇਸ ਉੱਤੇ ਰੋਜ਼ਾਨਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ 18 ਜੁਲਾਈ ਨੂੰ 3 ਮੈਂਬਰੀ ਵਿਚੋਲਗੀ ਕਮੇਟੀ ਨੂੰ ਕਿਹਾ ਸੀ ਕਿ ਵਿਚੋਲਗੀ ਕਮੇਟੀ ਕਾਰਵਾਈ ਦੇ ਨਤੀਜਿਆਂ ਬਾਰੇ 31 ਜੁਲਾਈ ਜਾਂ 1 ਅਗਸਤ ਤੱਕ ਅਦਾਲਤ ਨੂੰ ਸੂਚਿਤ ਕਰੇ ਤਾਂ ਕਿ ਉਹ ਮਾਮਲੇ ਵਿੱਚ ਅਗੇ ਵੱਧ ਸਕੇ। ਕਮੇਟੀ ਦੇ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਫ. ਐਮ. ਆਈ. ਕਲੀਫੁਲਾ ਸਨ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਚਲੋਗੀ ਪੈਨਲ ਦੀ ਰਿਪੋਰਟ ਉਨ੍ਹਾਂ ਦੇਖ ਲਈ ਹੈ, ਇਹ ਮਾਮਲੇ ਦਾ ਅੰਤਰਿਮ ਹੱਲ ਨਹੀਂ ਕੱਢ ਸਕੀ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲੇ ਦੀ ਸੁਣਵਾਈ ਉਦੋਂ ਤੱਕ ਚੱਲੇਗੀ, ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲ ਜਾਂਦਾ।