ਘਾਟੀ ‘ਚ ਅੱਤਵਾਦੀ ਘਟਨਾਵਾਂ ਲਈ ਪਾਕਿ ਫ਼ੌਜ ਅਤੇ ਆਈ.ਐੱਸ.ਆਈ. ਜ਼ਿੰਮੇਵਾਰ : ਲੈਫ਼. ਜਨ. ਢਿੱਲੋਂ
ਸ੍ਰੀਨਗਰ – ਜੰਮੂ-ਕਸ਼ਮੀਰ ‘ਚ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਘੁਸਪੈਠ ‘ਤੇ ਅੱਜ ਸ੍ਰੀਨਗਰ ‘ਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। ਫੌਜ ਦੀ ਉੱਤਰੀ ਕਮਾਂਡ ‘ਚ ਚਿਨਾਰ ਕਾਰਪਸ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੇ. ਜੇ. ਐੱਸ. ਢਿੱਲੋਂ ਨੇ ਕਿਹਾ ਕਿ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਲਈ ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅੱਤਵਾਦੀ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ‘ਚ ਹਨ ਪਰ ਭਾਰਤੀ ਫੌਜ ਪੂਰੀ ਤਰ੍ਹਾਂ ਅੱਤਵਾਦੀਆਂ ਨਾਲ ਨਜਿੱਠਣ ਲਈ ਤਿਆਰ ਹੈ। ਢਿੱਲੋਂ ਨੇ ਕਿਹਾ ਕਿ ਅਮਰਨਾਥ ਮਾਰਗ ਦੇ ਨਾਲ ਇੱਕ ਅੱਤਵਾਦੀ ਇਲਾਕੇ ‘ਚੋਂ ਇੱਕ ਐੱਮ-24 ਅਮਰੀਕੀ ਸਨਾਈਪਰ ਰਾਇਫ਼ਲ ਵੀ ਬਰਾਮਦ ਹੋਈ ਹੈ। ਉਨ੍ਹਾਂ ਮੁਤਾਬਿਕ ਕੰਟਰੋਲ ਰੇਖਾ ‘ਤੇ ਹਾਲਾਤ ਕਾਬੂ ਵਿੱਚ ਅਤੇ ਬਹੁਤ ਸ਼ਾਂਤੀਪੂਰਨ ਹਨ। ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਵੀ ਕੀਤਾ ਕਿ ਕਸ਼ਮੀਰ ‘ਚ ਮੌਜੂਦ ਸਥਾਨਕ ਅੱਤਵਾਦੀਆਂ ‘ਚੋਂ 83 ਫ਼ੀਸਦੀ ਨੌਜਵਾਨ ਪਹਿਲਾਂ ਪੱਥਰਬਾਜ਼ੀ ‘ਚ ਸ਼ਾਮਿਲ ਰਹੇ ਹਨ। ਲੈਫ਼ਟੀਨੈਂਟ ਜਨਰਲ ਕੇ. ਜੇ. ਐੱਸ. ਢਿੱਲੋਂ ਨੇ ਕਸ਼ਮੀਰ ‘ਚ ਸਾਰੀਆਂ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੱਥਰਬਾਜ਼ੀ ਅਤੇ ਹਿੰਸਕ ਘਟਨਾਵਾਂ ‘ਚ ਸ਼ਾਮਿਲ ਹੋਣ ਤੋਂ ਰੋਕਣ। ਅੱਜ ਉਨ੍ਹਾਂ ਦੇ ਬੱਚੇ ਸਿਰਫ਼ 500 ਰੁਪਏ ਲਈ ਸੁਰੱਖਿਆ ਬਲਾਂ ‘ਤੇ ਪੱਥਰ ਸੁੱਟ ਰਹੇ ਹਨ ਅਤੇ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਅੱਗੇ ਚੱਲ ਕੇ ਇਹੀ ਬੱਚੇ ਅੱਤਵਾਦੀ ਬਣਨਗੇ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਸੂਬਾ ਪੁਲਿਸ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਹਾਲਾਤ ਕਾਬੂ ਹੇਠ ਹਨ ਅਤੇ ਕਿਸੇ ਨੂੰ ਵੀ ਸੂਬੇ ‘ਚ ਅਸ਼ਾਂਤੀ ਫੈਲਾਉਣ ਨਹੀਂ ਦਿੱਤੀ ਜਾਵੇਗੀ।