December 2, 2024
#ਖੇਡਾਂ

ਭਾਰਤ ਵੱਲੋਂ ਟੀ-20 ਨਾਲ ਵਿੰਡੀਜ਼ ਦੌਰੇ ਦੀ ਸ਼ੁਰੂਆਤ ਅੱਜ

ਤੀਜਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟਣ ਮਗਰੋਂ ਭਾਰਤੀ ਕ੍ਰਿਕਟ ਟੀਮ ਹੁਣ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਸ਼ਨਿੱਚਰਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਉਦਘਾਟਨੀ ਮੈਚ ਨਾਲ ਕਰੇਗਾ। ਵੈਸਟ ਇੰਡੀਜ਼ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਇਨ੍ਹਾਂ ਲੜੀਆਂ ਦਾ ਮਕਸਦ ਨਵੇਂ ਖਿਡਾਰੀਆਂ ਨੂੰ ਪਰਖਣਾ ਹੈ, ਜਿਨ੍ਹਾਂ ’ਤੇ ਚੋਣਕਾਰਾਂ ਦਾ ਧਿਆਨ ਕੇਂਦਰਤ ਹੈ।ਕੋਹਲੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਵੰਨਗੀ ਤੋਂ ਆਰਾਮ ਦੇਣ ਦੀ ਸੰਭਾਵਨਾ ਸੀ, ਪਰ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਪੂਰੀ ਮਜ਼ਬੂਤ ਟੀਮ ਚੁਣੀ ਗਈ। ਬੁਮਰਾਹ 22 ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਦਾ ਹਿੱਸਾ ਹੋਵੇਗਾ। ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਪੂਰੇ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਲਈ ਇਹ ਦੌਰਾ ਅਹਿਮ ਹੋਵੇਗਾ, ਜਿਸ ਦਾ ਮਕਸਦ ਆਪਣੀ ਕਾਬਲੀਅਤ ਸਾਬਤ ਕਰਨਾ ਰਹੇਗਾ।
ਪਾਂਡੇ ਨੇ ਭਾਰਤ ਲਈ ਆਖ਼ਰੀ ਮੈਚ ਨਵੰਬਰ 2018 ਵਿੱਚ ਅਤੇ ਅਈਅਰ ਨੇ ਫਰਵਰੀ 2018 ਵਿੱਚ ਖੇਡਿਆ ਸੀ। ਭਾਰਤ ਸਾਹਮਣੇ ਚੁਣੌਤੀ ਮੱਧਕ੍ਰਮ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਹੋਵੇਗੀ। ਪਾਂਡੇ ਅਤੇ ਅਈਅਰ ਦੋਵੇਂ ਵੈਸਟ ਇੰਡੀਜ਼ ਦੌਰੇ ’ਤੇ ਗਈ ਭਾਰਤ ‘ਏ’ ਟੀਮ ਦਾ ਹਿੱਸਾ ਸਨ ਅਤੇ ਚੰਗੀਆਂ ਪਾਰੀਆਂ ਖੇਡ ਚੁੱਕੇ ਹਨ।ਸਪਿੰਨ ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ ਅਤੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਦੀਪਕ ਚਾਹਰ ਵੀ ਟੀ-20 ਟੀਮ ਵਿੱਚ ਪਰਤੇ ਹਨ। ਤੇਜ਼ ਗੇਂਦਬਾਜ਼ ਨਵਦੀਪ ਸੈਣੀ ਅਤੇ ਦੀਪਕ ਦਾ ਚਚੇਰਾ ਭਾਈ ਰਾਹੁਲ ਵੀ ਟੀਮ ਵਿੱਚ ਹੈ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਪਾਰੀ ਦਾ ਆਗਾਜ਼ ਕਰਨਗੇ, ਜਦਕਿ ਚੌਥੇ ਨੰਬਰ ’ਤੇ ਕੇਐੱਲ ਰਾਹੁਲ ਦਾ ਉਤਰਨਾ ਤੈਅ ਹੈ। ਰਾਹੁਲ ਨੇ ਤਿੰਨ ਸਾਲ ਪਹਿਲਾਂ ਇੱਥੇ 110 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ।