ਭਾਰਤ ਨੂੰ ਸਹਿਯੋਗ ਲਈ ਮਨਾਏ ਅਮਰੀਕਾ: ਪਾਕਿ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਨੂੰ ਕਸ਼ਮੀਰ ਮੁੱਦੇ ’ਤੇ ਅਮਰੀਕੀ ਵਿਚੋਲਗੀ ਲਈ ਮਨਾਵੇ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਪੇਸ਼ਕਸ਼ ’ਤੇ ਸਵਾਲ ਚੁੱਕੇ ਹਨ। ਕੁਰੈਸ਼ੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਰਤ ਇਸ ਮਸਲੇ ਦੇ ਹੱਲ ਦਾ ਚਾਹਵਾਨ ਨਹੀਂ ਤੇ ਸੰਵਾਦ ਕਰਨ ਤੋਂ ਟਲ਼ ਰਿਹਾ ਹੈ। ਪਾਕਿ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਵਿਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਤੇ ਭਾਰਤ ਮਾਮਲੇ ਨੂੰ ਦੁਵੱਲਾ ਕਹਿਣ ਦੇ ਬਾਵਜੂਦ ਵੀ ਗੱਲਬਾਤ ਲਈ ਤਿਆਰ ਨਹੀਂ ਹੋ ਰਿਹਾ। ਕੁਰੈਸ਼ੀ ਨੇ ਸਹਿਯੋਗ ਦੀ ਪੇਸ਼ਕਸ਼ ਲਈ ਟਰੰਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੂੰ ਪੱਤਰ ਲਿਖਣ ਜਾ ਰਹੇ ਹਨ।