February 5, 2025
#ਦੇਸ਼ ਦੁਨੀਆਂ

ਕਸ਼ਮੀਰ ਬਾਰੇ ਗੱਲਬਾਤ ਸਿਰਫ਼ ਪਾਕਿ ਨਾਲ ਹੀ ਹੋਵੇਗੀ: ਜੈਸ਼ੰਕਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਰਤ ਨੇ ਅੱਜ ਸਪੱਸ਼ਟ ਕਿਹਾ ਹੈ ਕਿ ਇਸ ਬਾਰੇ ਜੇਕਰ ਗੱਲਬਾਤ ਦੀ ਲੋੜ ਪਈ ਤਾਂ ਇਹ ਸਿਰਫ਼ ਪਾਕਿਸਤਾਨ ਨਾਲ ਹੀ ਹੋਵੇਗੀ ਤੇ ਦੁਵੱਲੀ ਹੀ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਭਾਰਤ ਵੱਲੋਂ ਇਹ ਪੱਖ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜੇ ਨਵੀਂ ਦਿੱਲੀ ਤੇ ਇਸਲਾਮਾਬਾਦ ਚਾਹੁਣਗੇ ਤਾਂ ਉਹ ਕਸ਼ਮੀਰ ਮੁੱਦੇ ’ਤੇ ‘ਵਿਚੋਲਗੀ ਕਰ ਸਕਦੇ’ ਹਨ। ਟਰੰਪ ਦੀ ਤਾਜ਼ਾ ਟਿੱਪਣੀ ਨੂੰ ਉਨ੍ਹਾਂ ਦੇ ਪਿਛਲੇ ਹਫ਼ਤੇ ਦੇ ਉਸ ਦਾਅਵੇ ਤੋਂ ਪਲਟਣ ਵਜੋਂ ਲਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਭਾਰਤ ਵੱਲੋਂ ਕਸ਼ਮੀਰ ਮੁੱਦੇ ’ਤੇ ਅਮਰੀਕੀ ਦਖ਼ਲ ਦੀ ਬੇਨਤੀ ਬਾਰੇ ਕਿਹਾ ਸੀ। ਜੈਸ਼ੰਕਰ ਨੇ ਅੱਜ ਬੈਂਕਾਕ ਵਿਚ 9ਵੇਂ ਪੂਰਬੀ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸਿਖ਼ਰ ਸੰੰਮੇਲਨ ਦੌਰਾਨ ਵੱਖਰੇ ਤੌਰ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਕੀਤੀ ਮੁਲਾਕਾਤ ਵਿਚ ਭਾਰਤ ਦਾ ਰੁਖ਼ ਸਪੱਸ਼ਟ ਕੀਤਾ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ’ਤੇ ਦਖ਼ਲ ਦੇਣ ਲਈ ਕਿਹਾ ਸੀ, ਤੋਂ ਬਾਅਦ ਭਾਰਤ ਵਿਚ ਸਿਆਸੀ ਰੌਲਾ ਖੜ੍ਹਾ ਹੋ ਗਿਆ ਸੀ।ਸਰਕਾਰ ਨੇ ਉਸ ਤੋਂ ਬਾਅਦ ਕਿਹਾ ਸੀ ਕਿ ਭਾਰਤ ਨੇ ਅਜਿਹੀ ਕੋਈ ਬੇਨਤੀ ਅਮਰੀਕਾ ਨੂੰ ਨਹੀਂ ਕੀਤੀ। ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਕਸ਼ਮੀਰ ਮੁੱਦਾ ਸੁਲਝਾਉਣਾ ਭਾਰਤ ਤੇ ਪਾਕਿ ਹੱਥ ਹੈ ਪਰ ਜੇ ਦੋਵੇਂ ਮੁਲਕ ਚਾਹੁਣ ਤਾਂ ਉਹ ਸਹਿਯੋਗ ਕਰ ਸਕਦੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਬੈਂਕਾਕ ਵਿਚ ਵੀਅਤਨਾਮ, ਸ੍ਰੀਲੰਕਾ, ਮੰਗੋਲੀਆ, ਤਿਮੋਰ ਲੇਸਤੇ ਤੇ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਨਾਲ ਕਈ ਗੇੜਾਂ ਵਿਚ ਦੁਵੱਲੀਆਂ ਮੀਟਿੰਗਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਅਤਿਵਾਦ ਖ਼ਿਲਾਫ਼ ਕਾਰਵਾਈ ਸਣੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।