ਭਾਰਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਨਾਖ਼ੁਸ਼ੀ ਪ੍ਰਗਟਾਈ
ਭਾਰਤ ਨੇ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਦੀ ਉਸ ਤਾਜ਼ਾ ਰਿਪੋਰਟ ’ਤੇ ਸਖ਼ਤ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਥਿਆਰਬੰਦ ਸਮੂਹਾਂ ਤੇ ਸਰਕਾਰ ਵਿਚਾਲੇ ਹੋ ਰਹੀਆਂ ਹਿੰਸਕ ਘਟਨਾਵਾਂ ’ਚ ਬੱਚੇ ਸ਼ਿਕਾਰ ਬਣ ਰਹੇ ਹਨ।ਮੰਗਲਵਾਰ ਰਿਲੀਜ਼ ਹੋਈ ਇਸ ਰਿਪੋਰਟ ਬਾਰੇ ਭਾਰਤ ਦਾ ਕਹਿਣਾ ਹੈ ਕਿ ਜਿਨ੍ਹਾਂ ਸਥਿਤੀਆਂ ਦਾ ਵੇਰਵਾ ਦਿੱਤਾ ਗਿਆ ਹੈ, ਉਹ ਨਾ ਤਾਂ ਹਥਿਆਰਬੰਦ ਟਕਰਾਅ ਹੈ ਤੇ ਨਾ ਹੀ ਉਨ੍ਹਾਂ ਨਾਲ ਕੌਮਾਂਤਰੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ‘ਚੋਣਵੇਂ ਤਰੀਕੇ ਨਾਲ ਕੁਝ ਵਿਸ਼ੇਸ਼ ਹਾਲਤਾਂ ਦਾ ਪ੍ਰਸਾਰ’ ਕਰਨਾ ਸਿਰਫ਼ ਏਜੰਡੇ ਨੂੰ ਸਿਆਸੀ ਰੰਗਤ ਦੇਣ ਬਰਾਬਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵਿਚਲੀਆਂ ਹਾਲਤਾਂ ਸਲਾਮਤੀ ਕੌਂਸਲ ਜਾਂ ਇਸ ਨਾਲ ਜੁੜੀਆਂ ਸਥਿਤੀਆਂ ਮੁਤਾਬਕ ਨਹੀਂ ਹਨ। ਜਨਰਲ ਅਸੈਂਬਲੀ ਵਿਚ ਭਾਰਤ ਦੀ ਪਹਿਲੇ ਪੱਧਰ ਦੀ ਸਕੱਤਰ ਪਾਲੋਮੀ ਤ੍ਰਿਪਾਠੀ ਨੇ ਇਸ ਮਾਮਲੇ ’ਤੇ ਹੋਈ ਖੁੱਲ੍ਹੀ ਵਿਚਾਰ-ਚਰਚਾ ਮੌਕੇ ਕਿਹਾ ਕਿ ਦਰਸਾਈਆਂ ਗਈਆਂ ਸਥਿਤੀਆਂ ਨਾਲ ਭਾਰਤ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰੇ ਜਿਹੇ ਅਹਿਮ ਮਸਲਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 14 ਸਾਲ ਤੱਕ ਦੇ ਪੰਜ ਬੱਚਿਆਂ ਨੂੰ ਹਿਜ਼ਬੁਲ ਮੁਜਾਹਿਦੀਨ ਤੇ ਅੰਸਾਰ ਗ਼ਜ਼ਾਵਤ ਉਲ ਹਿੰਦ ਜਿਹੇ ਅਤਿਵਾਦੀ ਸਮੂਹਾਂ ਨੇ ਭਰਤੀ ਕੀਤਾ ਹੈ। ਦੋ ਹੋਰ ਬੱਚੇ ਲਸ਼ਕਰ-ਏ-ਤੋਇਬਾ ਵਿਚ ਸ਼ਾਮਲ ਹੋ ਗਏ ਸਨ ਤੇ ਪਿਛਲੇ ਵਰ੍ਹੇ 9 ਦਸੰਬਰ ਨੂੰ ਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ।