September 9, 2024
#ਖੇਡਾਂ

ਮੈਸੀ ’ਤੇ ਤਿੰਨ ਮਹੀਨਿਆਂ ਦੀ ਪਾਬੰਦੀ

ਕੋਪਾ ਅਮਰੀਕਾ ਟੂਰਨਾਮੈਂਟ ਦੌਰਾਨ ਦੱਖਣੀ ਅਮਰੀਕੀ ਫੁਟਬਾਲ ਸੰਸਥਾ (ਕੌਨਮੇਬੋਲ) ਦੀ ਤਿੱਖੀ ਆਲੋਚਨਾ ਕਰਨ ਕਾਰਨ ਅਰਜਨਟੀਨਾ ਦੇ ਸਟਾਰ ਖਿਡਾਰੀ ਲਾਇਨਲ ਮੈਸੀ ’ਤੇ ਕੌਮੀ ਟੀਮ ਵੱਲੋਂ ਖੇਡਣ ਲਈ ਤਿੰਨ ਮਹੀਨਿਆਂ ਦੀ ਪਾਬੰਦੀ ਲਾਈ ਗਈ ਹੈ। ਉਸ ਨੂੰ ਪਾਬੰਦੀ ਦੇ ਨਾਲ 50 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਠੋਕਿਆ ਗਿਆ।ਪਿਛਲੇ ਮਹੀਨੇ ਬ੍ਰਾਜ਼ੀਲ ਵਿੱਚ ਖੇਡੇ ਗਏ ਕੋਪਾ ਅਮਰੀਕਾ ਕੱਪ ਵਿੱਚ ਚਿੱਲੀ ਖ਼ਿਲਾਫ਼ ਤੀਜੇ ਸਥਾਨ ਲਈ ਹੋਏ ਮੁਕਾਬਲੇ ਦੌਰਾਨ ਮੈਦਾਨ ਤੋਂ ਬਾਹਰ ਭੇਜੇ ਜਾਣ ਮਗਰੋਂ ਬਾਰਸੀਲੋਨਾ ਦੇ ਇਸ ਖਿਡਾਰੀ ਨੇ ਸੀਓਐੱਨਐੱਮਈਬੀਓਐੱਲ ’ਤੇ ‘ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ’। ਮੇਜ਼ਬਾਨ ਟੀਮ ਖ਼ਿਲਾਫ਼ ਸੈਮੀ-ਫਾਈਨਲ ਵਿੱਚ ਦੋ ਮੌਕਿਆਂ ’ਤੇ ਪੈਨਲਟੀ ਨਾ ਮਿਲਣ ਤੋਂ ਖ਼ਫ਼ਾ ਮੈਸੀ ਨੇ ਕਿਹਾ ਸੀ ਕਿ ਬ੍ਰਾਜ਼ੀਲ ‘ਇਨ੍ਹਾਂ ਦਿਨਾਂ ਦੌਰਾਨ ਕੌਨਮੇਬੋਲ ਵਿੱਚ ਬਹੁਤ ਕੁੱਝ ਅਧਿਕਾਰ ਹੇਠ ਕਰ ਰਿਹਾ ਹੈ’। ਬ੍ਰਾਜ਼ੀਲ ਨੇ ਇਸ ਮੁਕਾਬਲੇ ਵਿੱਚ ਅਰਜਨਟੀਨਾ ਨੂੰ 2-0 ਗੋਲਾਂ ਨਾਲ ਹਰਾਇਆ ਸੀ।ਅਗਲੇ ਮੁਕਾਬਲੇ ਵਿੱਚ ਚਿੱਲੀ ਦੇ ਕਪਤਾਨ ਗੈਰੀ ਮੈਡਲ ਨਾਲ ਪਹਿਲੇ ਅੱਧ ਵਿੱਚ ਟਕਰਾਉਣ ਕਾਰਨ ਰੈਫਰੀ ਨੇ ਉਸ ਨੂੰ ਲਾਲ ਕਾਰਡ ਵਿਖਾ ਕੇ ਮੈਦਾਨ ’ਚੋਂ ਬਾਹਰ ਕਰ ਦਿੱਤਾ, ਜਿਸ ਮਗਰੋਂ ਉਹ ਆਪਣੇ ਗੁੱਸੇ ’ਤੇ ਕਾਬੂ ਨਹੀਂ ਪਾ ਸਕਿਆ। ਹਾਲਾਂਕਿ ਬਾਅਦ ਵਿੱਚ ਟੈਲੀਵਿਜ਼ਨ ’ਤੇ ਵਿਖਾਇਆ ਗਿਆ ਕਿ ਇਹ ਮੈਸੀ ਦੀ ਮੈਡਲ ਦੇ ਮੁਕਾਬਲੇ ਮਾਮੂਲੀ ਗ਼ਲਤੀ ਸੀ। ਟੀਮ ਦੀ 2-1 ਨਾਲ ਜਿੱਤ ਮਗਰੋਂ ਉਸ ਨੇ ਦੋਸ਼ ਲਾਇਆ, ‘‘ਭ੍ਰਿਸ਼ਟਾਚਾਰ ਅਤੇ ਰੈਫਰੀ ਲੋਕਾਂ ਨੂੰ ਫੁਟਬਾਲ ਦਾ ਲੁਤਫ਼ ਉਠਾਉਣ ਤੋਂ ਰੋਕ ਰਹੇ ਹਨ ਅਤੇ ਉਹ ਇਸ ਨੂੰ ਬਰਬਾਦ ਕਰ ਰਹੇ ਹਨ।’’