January 15, 2025
#ਪੰਜਾਬ

ਪੀ.ਐਸ.ਆਈ.ਈ.ਸੀ. ਵੱਲੋਂ ਲੰਬਿਤ ਪਏ ਤਬਾਦਲਾ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਦਾ ਆਯੋਜਨ 14 ਅਗਸਤ ਨੂੰ : ਸੁੰਦਰ ਸ਼ਾਮ ਅਰੋੜਾ

ਚੰਡੀਗੜ – ਪੰਜਾਬ ਵਿੱਚ ਵਪਾਰ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੀ.ਐਸ.ਆਈ.ਈ.ਸੀ. ਵੱਲੋਂ ਵੱਖ-ਵੱਖ ਫੋਕਲ ਪੁਆਇੰਟਾਂ ਵਿਖੇ ਸਥਿਤ ਪਲਾਟਾਂ ਦੇ ਤਬਾਦਲੇ ਸਬੰਧੀ ਲੰਬਿਤ ਕੇਸਾਂ ਦੇ ਨਿਪਟਾਰੇ ਲਈ 14 ਅਗਸਤ, 2019 ਨੂੰ ਚੰਡੀਗੜ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਪੱਸ਼ਟ ਕੀਤਾ ਕਿ ਇਹ ਕੈਂਪ ਪਲਾਟ ਧਾਰਕਾਂ ਨੂੰ ਪ੍ਰੋਜੈਕਟ ਲਗਾਉਣ ਲਈ ਕਲੀਅਰੈਂਸ ਦੀ ਆਸਾਨ ਸਹੂਲਤ ਮੁਹੱਈਆ ਕਰਾਉਣ ਨੂੰ ਯਕੀਨ ਬਣਾਏਗਾ।ਸ੍ਰੀ ਅਰੋੜਾ ਨੇ ਸਮੂਹ ਉਦਯੋਗਿਕ ਪਲਾਟ ਧਾਰਕਾਂ ਨੂੰ 14 ਅਗਸਤ, 2019 ਨੂੰ ਚੰਡੀਗੜ ਸਥਿਤ ਪੀ.ਐਸ.ਆਈ.ਈ.ਸੀ. ਦੇ ਮੁੱਖ ਦਫਤਰ ਵਿੱਚ ਆਪਣੇ ਲੋੜੀਂਦੇ ਦਸਤਾਵੇਜ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਪਲਾਟਾਂ ਦੇ ਤਬਾਦਲੇ ਸਬੰਧੀ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਦਯੋਗ ਤੇ ਵਣਜ ਮੰਤਰੀ ਨੇ ਅੱਗੇ ਦੱਸਿਆ ਕਿ ਪਲਾਟ ਹੋਲਡਰਾਂ ਦੀ ਸਹੂਲਤ ਦੇ ਮੱਦੇਨਜਰ ਪੀ.ਐਸ.ਆਈ.ਈ.ਸੀ. ਨੇ ਆਪਣੀ ਵੈੱਬਸਾਈਟ ਉੱਪਰ ਸਾਰੇ ਦਸਤਾਵੇਜਾਂ ਸਬੰਧੀ ਜਾਣਕਾਰੀ ਅੱਪਲੋਡ ਕੀਤੀ ਹੈ ਜੋ ਕਿ ਪਲਾਟ ਤਬਾਦਲੇ ਮੌਕੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਲਈ ਲੋੜੀਂਦੀ ਹੈ।