ਭਾਰਤੀ ਕੈਪ ਮਿਲਣ ਤੋਂ ਹੈਰਾਨੀ ਹੋਈ: ਸੈਣੀ
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਭਾਰਤ ਲਈ ਪਲੇਠੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਕਿਹਾ ਕਿ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਜਦੋਂ ਉਸ ਨੂੰ ਭਾਰਤੀ ਟੀਮ ਕੈਪ ਦਿੱਤੀ ਗਈ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਸੀ। ਕੱਲ੍ਹ ਸੈਣੀ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਕਾਰਨ ਭਾਰਤ ਨੇ ਵੈਸਟ ਇੰਡੀਜ਼ ਨੂੰ ਨੌਂ ਵਿਕਟਾਂ ’ਤੇ 95 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤ ਨੇ ਇਸ ਮਗਰੋਂ 2.4 ਓਵਰ ਰਹਿੰਦਿਆਂ ਚਾਰ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ 26 ਸਾਲ ਦਾ ਸੈਣੀ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਬੀਸੀਸੀਆਈ ਦੇ ਟਵਿੱਟਰ ਹੈਂਡਲ ’ਤੇ ਸੈਣੀ ਨੇ ਆਪਣੇ ਸੀਨੀਅਰ ਤੇਜ਼ ਗੇਂਦਬਾਜ਼ ਸਾਥੀ ਭੁਵਨੇਸ਼ਵਰ ਕੁਮਾਰ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਜਦੋਂ ਮੈਨੂੰ ਸ਼ਨਿੱਚਰਵਾਰ ਸਵੇਰੇ ਭਾਰਤ ਦੀ ਕੈਪ ਦਿੱਤੀ ਗਈ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਅੱਜ ਉਹੀ ਦਿਨ ਹੈ, ਜਿਸ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ।’’