ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 10 ਨੂੰ

ਨਵੀਂ ਦਿੱਲੀ – ਪਾਰਟੀ ਦੀ ਅਗਵਾਈ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਅਗਲੀ ਮੀਟਿੰਗ 10 ਅਗਸਤ ਨੂੰ ਹੋਵੇਗੀ। ਮੀਟਿੰਗ ਦੌਰਾਨ ਪਾਰਟੀ ਦੇ ਸਿਖਰਲੇ ਆਗੂਆਂ ਲਈ ਰਾਹੁਲ ਗਾਂਧੀ ਦੇ ਜਾਨਸ਼ੀਨ ਨੂੰ ਲੱਭਣਾ ਸਿਖਰਲਾ ਏਜੰਡਾ ਹੋਵੇਗਾ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ 25 ਮਈ ਨੂੰ ਸੀਡਬਲਿਊਸੀ ਮੀਟਿੰਗ ਦੌਰਾਨ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ। ਕਮੇਟੀ ਦੀ ਅਗਾਮੀ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸ਼ਸ਼ੀ ਥਰੂਰ ਤੇ ਕਰਨ ਸਿੰਘ ਜਿਹੇ ਸੀਨੀਅਰ ਆਗੂ ਕੋਈ ਪਾਰਟੀ ਆਗੂ ਨਾ ਹੋਣ ਕਾਰਨ ਪਾਰਟੀ ਨੂੰ ਦਰਪੇਸ਼ ਸੰਕਟ ਬਾਰੇ ਫ਼ਿਕਰਮੰਦੀ ਜ਼ਾਹਿਰ ਕਰ ਚੁੱਕੇ ਹਨ। ਇਸ ਦੌਰਾਨ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਲੜੀਵਾਰ ਕਈ ਆਗੂਆਂ ਵੱਲੋਂ ਪਾਰਟੀ ਨੂੰ ਅਲਵਿਦਾ ਆਖਣ ਕਰਕੇ ਪਾਰਟੀ ਵਿੱਚ ਅਸਥਿਰਤਾ ਤੇ ਦੁਚਿੱਤੀ ਦਾ ਮਾਹੌਲ ਹੈ।ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਇਕ ਟਵੀਟ ’ਚ ਕਿਹਾ, ‘‘ਕਾਂਗਰਸ ਵਰਕਿੰਗ ਕਮੇਟੀ ਦੀ ਅਗਲੇਰੀ ਮੀਟਿੰਗ 10 ਅਗਸਤ ਨੂੰ ਸਵੇਰੇ 11 ਵਜੇ ਸੱਦ ਲਈ ਗਈ ਹੈ।’ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਵਜੋਂ ਅਸਤੀਫੇ ਦਾ ਐਲਾਨ ਕਰਨ ਮਗਰੋਂ ਇਹ ਪਲੇਠੀ ਮੀਟਿੰਗ ਹੋਵੇਗੀ। ਉਂਜ ਸੀਡਬਲਿਊਸੀ ਨੇ ਆਪਣੀ ਪਿਛਲੀ ਮੀਟਿੰਗ ’ਚ ਰਾਹੁਲ ਦੇ ਅਸਤੀਫ਼ੇ ਨੂੰ ਅਸਵੀਕਾਰ ਕਰਦਿਆਂ ਪਾਰਟੀ ਨੂੰ ਹਰ ਪੱਧਰ ’ਤੇ ਨਵੇਂ ਸਿਰਿਓਂ ਵਿਉਂਤਣ ਲਈ ਅਧਿਕਾਰਤ ਕੀਤਾ ਸੀ।