December 4, 2024
#ਭਾਰਤ

ਅਲਕਾ ਲਾਂਬਾ ਵਲੋਂ ‘ਆਪ’ ਨੂੰ ਅਸਤੀਫ਼ਾ ਦੇਣ ਦੀ ਤਿਆਰੀ

ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਵੱਲੋਂ ‘ਆਪ’ ਨੂੰ ਅਲਵਿਦਾ ਆਖਣ ਦੇ ਸੰਕੇਤ ਮਿਲ ਰਹੇ ਹਨ ਅਤੇ ਉਹ ਛੇਤੀ ਹੀ ਮੁੱਢਲੀ ਮੈਂਬਰਸ਼ਿਪ ਤੋਂ ਲਿਖਤੀ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦੇਵੇਗੀ ਪਰ ਉਹ ਚਾਂਦਨੀ ਚੌਕ ਤੋਂ ਵਿਧਇਕੀ ਨਹੀਂ ਛੱਡੇਗੀ।ਅਲਕਾ ਲਾਂਬਾ ਲੰਮੇ ਸਮੇਂ ਤੋਂ ‘ਆਪ’ ਦੇ ਆਗੂਆਂ ਤੋਂ ਖਫ਼ਾ ਚੱਲ ਰਹੀ ਹੈ ਅਤੇ ਕਈ ਵਾਰ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਵੀ ਕਰ ਚੁੱਕੀ ਹੈ। ਲੋਕ ਸਭਾ ਚੋਣਾਂ ਦੌਰਾਨ ਵੀ ਉਹ ਚਾਂਦਨੀ ਚੌਕ ਲੋਕ ਸਭਾ ਹਲਕੇ ਦੇ ‘ਆਪ’ ਉਮੀਦਵਾਰ ਨਾਲ ਚੋਣ ਪ੍ਰਚਾਰ ਕਰਨ ਲਈ ਨਹੀਂ ਸੀ ਤੁਰੀ।‘ਆਪ’ ਵੱਲੋਂ ਉਸ ਨੂੰ ਪਾਸੇ ਕਰ ਦਿੱਤਾ ਗਿਆ ਸੀ ਤੇ ਕਈ ਬੈਠਕਾਂ ਵਿੱਚ ਸੱਦਾ ਤੱਕ ਨਹੀਂ ਸੀ ਦਿੱਤਾ ਗਿਆ। ਉਸ ਨੂੰ ਪਾਰਟੀ ਦੇ ਵਟਸਐਪ ਗਰੁੱਪ ਤੋਂ ਵੀ ਹਟਾ ਦਿੱਤਾ ਗਿਆ ਸੀ। ‘ਆਪ’ ਨਾਲ ਅਲਕਾ ਦੀ ਨਾਰਾਜ਼ਗੀ ਉੱਦੋਂ ਸਾਹਮਣੇ ਆਈ ਸੀ ਜਦੋਂ ਦਿੱਲੀ ਵਿਧਾਨ ਸਭਾ ਵਿੱਚ ਮਰਹੂਮ ਰਾਜੀਵ ਗਾਂਧੀ ਨੂੰ ਦਿੱਤੇ ਹੋਏ ਭਾਰਤ ਰਤਨ ਸਨਮਾਨ ਦੀ ਵਾਪਸੀ ਲਈ ਵਿਧਾਇਕ ਜਰਨੈਲ ਸਿੰਘ ਤੇ ਹੋਰਨਾਂ ਨੇ ਮਤਾ ਪੇਸ਼ ਕੀਤਾ ਸੀ। ਲਾਂਬਾ ਸਦਨ ਵਿੱਚੋਂ ਬਾਹਰ ਚਲੀ ਗਈ ਸੀ। ਉਸੇ ਸਮੇਂ ਅਲਕਾ ਨੂੰ ਮਾਂ-ਪਾਰਟੀ ਕਾਂਗਰਸ ਨੇ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਸੀ। ਹੁਣ ਵੀ ਇਹੀ ਕਿਆਸ ਲਾਏ ਜਾ ਰਹੇ ਹਨ ਕਿ ਉਹ ਕਾਂਗਰਸ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਹੀ ਸ਼ਾਮਲ ਹੋ ਸਕਦੀ ਹੈ।ਅਲਕਾ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਰਾਹੀਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਜਿੱਤ ਕੇ ਸਿਆਸੀ ਸ਼ੁਰੂਆਤ ਕੀਤੀ ਸੀ।