February 5, 2025
#ਖੇਡਾਂ

ਸੈਣੀ ’ਤੇ ਵਿੰਡੀਜ਼ ਬੱਲੇਬਾਜ਼ ਨੂੰ ਉਕਸਾਉਣ ਦਾ ਦੋਸ਼

ਭਾਰਤ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੈਸਟ ਇੰਡੀਜ਼ ਦੇ ਬੱਲੇਬਾਜ਼ ਵੱਲ ‘ਉਕਸਾਊ ਇਸ਼ਾਰਾ’ ਕਰਨ ਕਾਰਨ ਇੱਕ ਡੀਮੈਰਿਟ ਅੰਕ ਦਿੱਤਾ ਗਿਆ ਹੈ। ਉਸ ਨੇ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦੌਰਾਨ ਵੈਸਟ ਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਆਊਟ ਕਰਨ ਮੌਕੇ ਉਸ ਵੱਲ ‘ਉਕਸਾਊ ਇਸ਼ਾਰਾ’ ਕੀਤਾ ਸੀ।ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਸੈਣੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨਾਲ ਸਬੰਧਿਤ ਆਈਸੀਸੀ ਜ਼ਾਬਤੇ ਦੇ ਨਿਯਮ 2.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ ਜੋ ਕੋਈ ਅਜਿਹਾ ਕੰਮ ਜਾਂ ਇਸ਼ਾਰਾ ਕਰਨ ਨਾਲ ਜੁੜਿਆ ਹੈ, ਜਿਸ ਨਾਲ ਆਊਟ ਹੋਣ ’ਤੇ ਬੱਲੇਬਾਜ਼ ਤੈਸ਼ ਵਿੱਚ ਆ ਕੇ ਪ੍ਰਤੀਕਿਰਿਆ ਦੇ ਸਕਦਾ ਹੈ।’’ ਬਿਆਨ ਅਨੁਸਾਰ ਉਸ ਨੂੰ ਇੱਕ ਡੀਮੈਰਿਟ ਅੰਕ ਦਿੱਤਾ ਗਿਆ ਹੈ।ਪਹਿਲੀ ਵਾਰ ਖੇਡ ਰਹੇ ਸੈਣੀ ’ਤੇ ਮੈਦਾਨੀ ਅੰਪਾਇਰਾਂ ਨਾਇਜੈੱਲ ਡੁਗੁਈਡ ਅਤੇ ਜੀ ਬਰੈਥਵੇਟ ਤੋਂ ਇਲਾਵਾ ਤੀਜੇ ਅੰਪਾਇਰ ਲੈਸਲੀ ਰੀਫਰ ਅਤੇ ਚੌਥੇ ਅੰਪਾਇਰ ਪੈਟਰਿਕ ਗਸਟਰਡ ਨੇ ਦੋਸ਼ ਲਾਏ ਸਨ।