January 15, 2025
#ਪ੍ਰਮੁੱਖ ਖ਼ਬਰਾਂ #ਭਾਰਤ

ਕੇਂਦਰ ਵੱਲੋਂ ਜੰਮੂ-ਕਸ਼ਮੀਰ ‘ਚ ਧਾਰਾ 370 ਅਤੇ 35-ਏ ਖ਼ਤਮ

ਜੰਮੂ–ਕਸ਼ਮੀਰ ਤੇ ਲੱਦਾਖ ਬਣਾਏ ਕੇਂਦਰ ਸ਼ਾਸਿਤ ਪ੍ਰਦੇਸ਼

ਨਵੀਂ ਦਿੱਲੀ – ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੋਮਵਾਰ ਨੂੰ ਰਾਜ ਸਭਾ ‘ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪੇਸ਼ ਕੀਤਾ ਗਿਆ, ਜੋ ਕਿ 125 ਵੋਟਾਂ ਨਾਲ ਪਾਸ ਹੋ ਗਿਆ। ਇਸ ਦੇ ਵਿਰੋਧ ਵਿੱਚ 61 ਵੋਟਾਂ ਪਈਆਂ। ਹੁਣ ਇਹ ਬਿੱਲ ਲੋਕ ਸਭਾ ‘ਚ ਜਾਵੇਗਾ। ਉੱਥੇ ਮੋਦੀ ਸਰਕਾਰ ਆਰਾਮ ਨਾਲ ਇਸ ਬਿੱਲ ਨੂੰ ਪਾਸ ਕਰਾ ਸਕਦੀ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸੰਸਦ ਵਿੱਚ ਧਾਰਾ 370 ਅਤੇ 35-ਏ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜੰਮੂ–ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਇੰਝ ਅੱਜ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਦੇ ਨਕਸ਼ੇ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਹੈ। ਰਾਜ ਸਭਾ ‘ਚ ਕੀਤੇ ਐਲਾਨ ਮੁਤਾਬਕ ਲੱਦਾਖ ਵਿੱਚ ਤਾਂ ਕੋਈ ਵਿਧਾਨ ਸਭਾ ਨਹੀਂ ਹੋਵੇਗੀ ਪਰ ਜੰਮੂ–ਕਸ਼ਮੀਰ ਵਿੱਚ ਵਿਧਾਨ ਸਭਾ ਹੋਵੇਗੀ। ਇੰਝ ਜਿਸ ਧਾਰਾ 370 ਨਾਲ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ; ਉਹ ਵੀ ਖ਼ਤਮ ਕਰ ਦਿੱਤੀ ਗਈ ਹੈ ਤੇ ਉੱਧਰ ਜਦੋਂ ਇਹ ਸਾਰੇ ਇਲਾਕੇ ਕੇਂਦਰ ਸਰਕਾਰ ਅਧੀਨ ਆ ਜਾਣਗੇ, ਤਾਂ ਧਾਰਾ 35–ਏ ਤਾਂ ਆਪੇ ਖ਼ਤਮ ਹੋ ਹੀ ਜਾਵੇਗੀ। ਸਰਕਾਰ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਪ੍ਰਸਤਾਵ ਰਾਜ ਸਭਾ ‘ਚ ਪੇਸ਼ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ ਕਿ ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਧਾਰਾ 370 ਦੇ ਸਾਰੇ ਖੰਡ ਲਾਗੂ ਨਹੀਂ ਹੋਣਗੇ। ਕੈਬਿਨਟ ਦੇ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਵੰਡ ਗਿਆ। ਜਿਸ ਨਾਲ ਸੂਬਿਆਂ ਦੀ ਗਿਣਤੀ ਘੱਟ ਕੇ 29 ਤੋਂ 28 ਹੋ ਗਈ। ਜਦੋਂ ਕਿ ਕੇਂਦਰ ਸ਼ਸਿਤ ਪ੍ਰਦੇਸ਼ਾਂ ਦੀ ਗਿਣਤੀ 7 ਤੋਂ ਵੱਧ ਕੇ 9 ਹੋ ਗਈ ਹੈ।