ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਖੇ ਨਵੇਂ ਬਣੇ ਖੇਡ ਹੋਸਟਲ ਦਾ ਉਦਘਾਟਨ
ਮੁਹਾਲੀ ਸਹਿਰ ਨੂੰ ਸੂਬਾ ਸਰਕਾਰ ਨੇ ਇਕ ਹੋਰ ਤੋਹਫਾ ਦਿੱਤਾ: ਬਲਬੀਰ ਸਿੰਘ ਸਿੱਧੂ
ਚੰਡੀਗੜ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 63 ਵਿਖੇ ਨਵੇਂ ਬਣਾਏ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ।ਹੋਸਟਲ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਬੁੱਕਲ ਵਿੱਚ ਬਣਿਆ ਇਹ ਖੇਡ ਕੰਪਲੈਕਸ ਦੋ ਹਿੱਸਿਆਂ ਵਿੱਚ ਵੰਡਿਆਂ ਹੈ। ਏ ਬਲਾਕ ਮੁੰਡਿਆਂ ਤੇ ਬੀ ਬਲਾਕ ਕੁੜੀਆਂ ਲਈ ਹੈ। 1.5 ਏਕੜ ਜਗਾਂ ਵਿੱਚ 8.27 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਛੇ ਮੰਜਲਾਂ ਹੋਸਟਲ ਵਿੱਚ ਕਮਰੇ ਤੇ ਡੌਰਮੈਟਰੀ ਹਾਲ ਮਿਲਾ ਕੇ ਕੁੱਲ 88 ਕਮਰੇ ਹਨ ਅਤੇ 425 ਖਿਡਾਰੀਆਂ ਦੇ ਰਹਿਣ ਦੀ ਸਮਰੱਥਾ ਹੈ।ਇਹ ਹੋਸਟਲ ਡੇਢ ਸਾਲ ਦੇ ਸਮੇਂ ਵਿੱਚ ਬਣਿਆ।ਰਾਣਾ ਸੋਢੀ ਨੇ ਅਗਾਂਹ ਦੱਸਿਆ ਕਿ ਇਸ ਹੋਸਟਲ ਵਿੱਚ ਹਾਕੀ, ਅਥਲੈਟਿਕਸ, ਮੁੱਕੇਬਾਜੀ, ਵਾਲੀਬਾਲ, ਬਾਸਕਟਬਾਲ, ਜੂਡੋ, ਤੈਰਾਕੀ, ਵੇਟ ਲਿਫਟਿੰਗ, ਜਿਮਨਾਸਟਿਕ, ਕੁਸਤੀ ਤੇ ਟੇਬਲ ਟੈਨਿਸ ਖੇਡ ਵਿੰਗਾਂ ਦੇ ਖਿਡਾਰੀ ਰਹਿਣਗੇ। ਹੋਸਟਲ ਕੰਪਲੈਕਸ ਵਿੱਚ ਖੁੱਲੇ ਹਵਾਦਾਰ ਕਮਰਿਆਂ ਤੇ ਸਾਫ ਸੁਥਰੀ ਮੈਸ ਤੋਂ ਇਲਾਵਾ ਟੀਵੀ ਕਮਰਾ, ਸਟੱਡੀ ਰੂਮ ਤੇ ਮਨੋਰੰਜਨ ਲਈ ਵੱਖਰਾ ਕਮਰਾ ਹੈ।ਉਨਾਂ ਕਿਹਾ ਕਿ ਅੱਗੇ ਤੋਂ ਖਿਡਾਰੀਆਂ ਲਈ ਏਸੀ ਹੋਸਟਲ ਲਈ ਬਣਾਏ ਜਾਣਗੇ। ਉਨਾਂ ਦੱਸਿਆ ਕਿ ਹੋਸਟਲ ਦੇ ਵਿੱਚ ਹੀ ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਦਾ ਦਫਤਰ ਕਮਰਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਵਿੱਚ ਪੰਜਾਬ ਨੂੰ ਦੇਸ ਦਾ ਮੋਹਰੀ ਸੂਬਾ ਬਣਾਉਣ ਲਈ ਬਿਹਤਰ ਢਾਂਚਾ ਉਸਾਰ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਮਿਲਣਗੇ।ਖੇਡ ਮੰਤਰੀ ਰਾਣਾ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਸਹਿਰ ਪੰਜਾਬ ਦੀਆਂ ਖੇਡਾਂ ਦੀਆਂ ਧੁਰਾ ਬਣ ਗਿਆ ਅਤੇ ਇੱਥੇ ਹਰ ਖੇਡ ਨਾਲ ਸਬੰਧਤ ਹਰ ਤਰਾਂ ਦਾ ਬੁਨਿਆਦੀ ਢਾਂਚਾ ਉਸਾਰਿਆ ਗਿਆ ਹੈ।ਸਿਹਤ ਮੰਤਰੀ ਸ ਸਿੱਧੂ ਨੇ ਮੁਹਾਲੀ ਸਹਿਰ ਨੂੰ ਇਕ ਹੋਰ ਤੋਹਫਾ ਦੇਣ ਲਈ ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਮੁਹਾਲੀ ਦੇ ਫੇਜ-6 ਵਿਖੇ ਬਣਨ ਜਾ ਰਹੀ ਅਤਿ ਆਧੁਨਿਕ ਸਿਟੰਗ ਰੇਂਜ ਦਾ ਨੀਂਹ ਪੱਥਰ ਰੱਖਿਆ ਸੀ।ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਸ੍ਰੀ ਆਰ ਐਸ ਸੋਢੀ, ਸਿਹਤ ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ ਚੰਦ ਸਰਮਾ ਮੱਛਲੀ ਕਲਾਂ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ, ਐਕਸੀਅਨ ਸ੍ਰੀ ਸੰਜੇ ਮਹਾਜਨ ਆਦਿ ਹਾਜਰ ਸਨ।