January 18, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਕਸ਼ਮੀਰ ਸਬੰਧੀ ਕੇਂਦਰੀ ਫੈਸਲਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ

ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ
ਚੰਡੀਗੜ – ਕੇਂਦਰ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫੈਸਲਿਆਂ ’ਤੇ ਪਾਕਿਸਤਾਨ ਵੱਲੋਂ ਅਣਸੁਖਾਵੀਂ ਪ੍ਰਤੀਕਿਰਿਆ ਸਾਹਮਣੇ ਆਉਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਤਰਾਂ ਦੇ ਜਸ਼ਨ ਮਨਾਉਣ ਜਾਂ ਪ੍ਰਦਰਸ਼ਨ ਕਰਨ ’ਤੇ ਰੋਕ ਲਾ ਦਿੱਤੀ ਹੈ ਤਾਂ ਜੋ ਸੂਬੇ ਦੀ ਅਮਨ-ਸ਼ਾਂਤੀ ’ਚ ਕੋਈ ਵਿਘਨ ਨਾ ਪਵੇ। ਸਰਹੱਦ ’ਤੇ ਵੱਧ ਰਹੇ ਤਣਾਅ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਲਈ ਪੰਜਾਬ ਪੁਲਿਸ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿੱਚ ਸੂਬੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਜਿਨਾਂ ਨੇ ਕੇਂਦਰ ਸਰਕਾਰ ਦੇ ਕਸ਼ਮੀਰ ਬਾਰੇ ਐਲਾਨ ਤੋਂ ਬਾਅਦ ਦੀ ਸਥਿਤੀ ’ਤੇ ਵਿਚਾਰ ਕੀਤੀ। ਮੁੱਖ ਮੰਤਰੀ ਨੇ ਸੁਚੇਤ ਕੀਤਾ ਕਿ ਪਾਕਿਸਤਾਨ ਇਸ ਨੂੰ ਹਲਕੇ ਵਿੱਚ ਨਹੀਂ ਲਵੇਗਾ ਅਤੇ ਉਹ ਭਾਰਤ ਖਿਲਾਫ਼ ਕੁਝ ਕਾਰਵਾਈਆਂ ਕਰ ਕੇ ਮੋੜਵੀਂ ਪ੍ਰਤੀਕਿਰਿਆ ਜ਼ਾਹਰ ਕਰ ਸਕਦਾ ਹੈ। ਉਨਾਂ ਨੇ ਸੂਬੇ ਦੀ ਪੁਲਿਸ ਨੂੰ ਕਿਸੇ ਵੀ ਸੰਭਾਵਿਤ ਘਟਨਾ ਲਈ ਤਿਆਰ ਰਹਿਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 8000 ਤੋਂ ਵੱਧ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੰਦਿਆਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਇਨਾਂ ਵਿਦਿਆਰਥੀਆਂ ਨੂੰ ਨਿੱਜੀ ਤੌਰ ’ਤੇ ਮਿਲਣ ਲਈ ਆਖਿਆ।ਮੁੱਖ ਮੰਤਰੀ ਇਸ ਸਥਿਤੀ ਦੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਉਨਾਂ ਨੇ ਕਸ਼ਮੀਰ ਦੀ ਸਰਹੱਦ ਨਾਲ ਲਗਦੇ ਪੰਜਾਬ ਦੇ ਜ਼ਿਲਿਆਂ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ। ਉਨਾਂ ਨੇ ਕਸ਼ਮੀਰ ਛੱਡ ਕੇ ਵਾਇਆ ਪੰਜਾਬ ਜਾਣ ਵਾਲਿਆਂ ਲਈ ਸੁਰੱਖਿਅਤ ਤੇ ਬੇਰੋਕ ਲਾਂਘੇ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀਆਂ ਹਦਾਇਤਾਂ ਨੂੰ ਮੁੜ ਦੁਹਰਾਇਆ। ਸੁਰੱਖਿਆ ਦੇ ਮੱਦੇਨਜ਼ਰ ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਵਾਦੀ ਛੱਡਣ ਲਈ ਕਿਹਾ ਗਿਆ ਸੀ ਜਿਸ ਕਰਕੇ ਪਿਛਲੇ ਦੋ ਦਿਨ ਤੋਂ ਸੂਬੇ ਦੇ ਸਰਹੱਦੀ ਇਲਾਕੇ ਹਾਈ ਅਲਰਟ ’ਤੇ ਹਨ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰ ਵਿੱਚ ਅਤੇ ਇਸ ਤੋਂ ਬਾਹਰ ਰਹਿ ਰਹੇ ਸਮੂਹ ਲੋਕਾਂ ਨੂੰ ਇਨਾਂ ਔਖੇ ਹਾਲਾਤ ਵਿੱਚ ਸ਼ਾਂਤ ਰਹਿਣ ਅਤੇ ਮੁਲਕ ਦੀ ਅਮਨ-ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਵਾਲਾ ਕੋਈ ਵੀ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਅਤੇ ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ ਹਾਜ਼ਰ ਸਨ।