ਵਿਦੇਸ਼ ਮੰਤਰੀ ਦਾ ਚੀਨ ਦੌਰਾ 11 ਤੋਂ
ਵਿਦੇਸ਼ ਮਾਮਲਿਆ ਬਾਰੇ ਮੰਤਰੀ ਐਸ ਜੈਸ਼ੰਕਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਅਕਤੂਬਰ ਵਿੱਚ ਭਾਰਤ ’ਚ ਹੋਣ ਵਾਲੀ ਦੂਜੀ ਗੈਰਰਸਮੀ ਮੀਟਿੰਗ ਤੋਂ ਪਹਿਲਾਂ 11 ਅਗਸਤ ਨੂੰ ਤਿੰਨ ਦਿਨਾਂ ਦੌਰੇ ’ਤੇ ਚੀਨ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀ ਫੇਰੀ ਦੌਰਾਨ ਜੈਸ਼ੰਕਰ ਆਪਣੇ ਹਮਰੁਤਬਾ ਵਾਂਗ ਯੀ ਨਾਲ ਦੁਵੱਲੇ, ਇਲਾਕਾਈ ਅਤੇ ਸਾਂਝੇ ਹਿੱਤਾਂ ਵਾਲੇ ਆਲਮੀ ਮੁੱਦਿਆਂ ’ਤੇ ਚਰਚਾ ਕਰਨਗੇ। ਇਹ ਜੈਸ਼ੰਕਰ ਦੀ ਵਿਦੇਸ਼ ਮੰਤਰੀ ਬਣਨ ਬਾਅਦ ਚੀਨ ਦੀ ਪਹਿਲੀ ਫੇਰੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀ ਇਸ ਵਰ੍ਹੇ ਹੋਣ ਵਾਲੇ ਉੱਚ ਪੱਧਰੀ ਦੌਰਿਆਂ ਦਾ ਮੁੱਦਾ ਵੀ ਵਿਚਾਰਨਗੇ। ਜੈਸ਼ੰਕਰ ਪੇਈਚਿੰਗ ਵਿੱਚ ਸਭਿਆਚਾਰ ਦੇ ਤਬਾਦਲੇ ਬਾਰੇ 12 ਅਗਸਤ ਨੂੰ ਹੋਣ ਵਾਲੀ ਭਾਰਤ ਚੀਨ ਉੱਚ ਪੱਧਰੀ ਵਿਧੀ ਦੀ ਦੂਜੀ ਮੀਟਿੰਗ ਦੀ ਵਾਂਗ ਨਾਲ ਸਾਂਝੇ ਤੌਰ ’ਤੇ ਪ੍ਰਧਾਨਗੀ ਕਰਨਗੇ।