ਆਸਟਰੇਲੀਆ ਦੀ ਇੰਗਲੈਂਡ ’ਤੇ ਵੱਡੀ ਜਿੱਤ
ਨਾਥਨ ਲਿਓਨ ਅਤੇ ਪੈਟ ਕਮਿਨਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਇੰਗਲੈਂਡ ਨੂੰ ਪਹਿਲੇ ਐਸ਼ੇਜ਼ ਟੈਸਟ ਕ੍ਰਿਕਟ ਮੈਚ ਵਿੱਚ 251 ਦੌੜਾਂ ਨਾਲ ਕਰਾਰੀ ਸ਼ਿਕਸਤ ਦੇ ਕੇ 18 ਸਾਲ ਮਗਰੋਂ ਬ੍ਰਿਟਿਸ਼ ਧਰਤੀ ’ਤੇ ਲੜੀ ਜਿੱਤਣ ਲਈ ਮਜ਼ਬੂਤ ਨੀਂਹ ਰੱਖੀ। ਇੰਗਲੈਂਡ ਦੀ ਟੀਮ 398 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਵੇਂ ਦਿਨ ਲੰਚ ਮਗਰੋਂ 146 ਦੌੜਾਂ ’ਤੇ ਆਊਟ ਹੋ ਗਈ। ਆਫ਼ ਸਪਿੰਨਰ ਲਿਓਨ ਨੇ 49 ਦੌੜਾਂ ਦੇ ਕੇ ਛੇ ਅਤੇ ਤੇਜ਼ ਗੇਂਦਬਾਜ਼ ਕਮਿਨਸ ਨੇ 32 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।ਆਸਟਰੇਲੀਆ ਪਹਿਲੀ ਪਾਰੀ ਵਿੱਚ 90 ਦੌੜਾਂ ਨਾਲ ਪੱਛੜ ਗਿਆ ਸੀ। ਪਹਿਲੀ ਪਾਰੀ ਵਿੱਚ ਵੱਧ ਦੌੜਾਂ ਨਾਲ ਪੱਛੜਣ ਮਗਰੋਂ ਕਿਸੇ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਐਜਬੈਸਟਨ ਵਿੱਚ 2001 ਮਗਰੋਂ ਕਿਸੇ ਵੀ ਵੰਨਗੀ ਵਿੱਚ ਅਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ। ਇਸ ਹਾਰ ਨਾਲ ਇੰਗਲੈਂਡ ਦੀ ਇਸ ਮੈਦਾਨ ’ਤੇ ਲਗਾਤਾਰ 11 ਜਿੱਤਾਂ ਦੀ ਮੁਹਿੰਮ ਇੱਥੇ ਹੀ ਰੁਕ ਗਈ।ਆਸਟਰੇਲੀਆ ਦੀ ਇਸ ਜਿੱਤ ਦਾ ਨਾਇਕ ਸਟੀਵ ਸਮਿੱਥ ਰਿਹਾ। ਉਸ ਨੇ ਦੋਵਾਂ ਪਾਰੀਆਂ ਵਿੱਚ ਸੈਂਕੜੇ (144 ਦੌੜਾਂ ਅਤੇ 142 ਦੌੜਾਂ) ਮਾਰੇ। ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਆਪਣਾ ਪਹਿਲਾ ਮੈਚ ਖੇਡ ਰਿਹਾ ਸਮਿਥ ‘ਮੈਨ ਆਫ ਦਾ ਮੈਚ’ ਐਲਾਨਿਆ ਗਿਆ। ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਮੈਥਿਊ ਵਾਡੇ ਨੇ ਵੀ ਸੈਂਕੜਾ ਮਾਰਿਆ।ਇੰਗਲੈਂਡ ਨੇ ਲੰਚ ਤੋਂ ਪਹਿਲਾਂ ਅਤੇ ਉਸ ਮਗਰੋਂ 12 ਦੌੜਾਂ ਦੇ ਅੰਦਰ ਚਾਰ ਵਿਕਟਾਂ ਗੁਆ ਲਈਆਂ, ਜਿਸ ਨਾਲ ਉਸ ਦਾ ਸਕੋਰ ਸੱਤ ਵਿਕਟਾਂ ’ਤੇ 97 ਦੌੜਾਂ ਹੋ ਗਿਆ। ਇਸ ਮਗਰੋਂ ਟੀਮ ਵੱਲੋਂ ਦੂਜੀ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕ੍ਰਿਸ ਵੋਕਸ (37 ਦੌੜਾਂ) ਨੇ ਕੁੱਝ ਦੇਰ ਆਸਟਰੇਲੀਆ ਦੀ ਜਿੱਤ ਲਈ ਉਡੀਕ ਕਰਵਾਈ। ਇੰਗਲੈਂਡ ਨੇ ਸਵੇਰੇ ਬਿਨਾਂ ਕਿਸੇ ਨੁਕਸਾਨ ਦੇ 13 ਦੌੜਾਂ ਨਾਲ ਆਪਣੀ ਪਾਰੀ ਅੱਗੇ ਵਧਾਈ। ਰੋਰੀ ਬਰਨਸ ਕ੍ਰੀਜ਼ ’ਤੇ ਉਤਰਦਿਆਂ ਹੀ ਟੈਸਟ ਕ੍ਰਿਕਟ ਵਿੱਚ ਪੂਰੇ ਪੰਜ ਦਿਨ ਬੱਲੇਬਾਜ਼ੀ ਕਰਨ ਵਾਲਾ ਦਸਵਾਂ ਬੱਲੇਬਾਜ਼ ਬਣ ਗਿਆ। ਉਸ ਨੇ ਪਹਿਲੀ ਪਾਰੀ ਵਿੱਚ 133 ਦੌੜਾਂ ਬਣਾਈਆਂ ਸਨ, ਪਰ ਅੱਜ ਉਹ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ। ਉਹ ਕਮਿਨਸ ਦੀ ਗੇਂਦ ’ਤੇ ਲਿਓਨ ਨੂੰ ਕੈਚ ਦੇ ਬੈਠਿਆ। ਤੀਜੇ ਨੰਬਰ ’ਤੇ ਉਤਰਿਆ ਜੋਅ ਰੂਟ ਜੇਮਜ਼ ਪੈਟਿਨਸਨ ਦੀ ਗੇਂਦ ’ਤੇ ਐੱਲਬੀਡਬਲਯੂ ਆਊਟ ਹੋ ਗਿਆ, ਪਰ ਡੀਆਰਐੱਸ ਨੇ ਉਸ ਨੂੰ ਜੀਵਨਦਾਨ ਦਿੱਤਾ। ਇਸ ਮਗਰੋਂ ਜਦੋਂ ਉਹ ਨੌਂ ਦੌੜਾਂ ਬਣਾ ਕੇ ਖੇਡ ਰਿਹਾ ਸੀ, ਉਦੋਂ ਵੀ ਵਿਲਸਨ ਨੇ ਉਸ ਨੂੰ ਤੇਜ਼ ਗੇਂਦਬਾਜ਼ ਪੀਟਰ ਸਿਡਲ ਦੀ ਗੇਂਦ ’ਤੇ ਐਲਬੀਡਬਲਯੂ ਆਊਟ ਦਿੱਤਾ।