ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਵਫਦ ਕੈਬਨਿਟ ਮੰਤਰੀ ਰੰਧਾਵਾ ਅਤੇ ਸੁੱਖ ਸਰਕਾਰੀਆ ਨੂੰ ਮਿਲਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਦਾ ਵਾਅਦਾ
ਚੰਡੀਗੜ – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਵਫ਼ਦ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਸਰਪ੍ਰਸਤੀ ਹੇਠ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਮਿਲਿਆ। ਵਫ਼ਦ ਨੇ ਕੈਬਨਿਟ ਮੰਤਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਉਤਸਵ ਸਬੰਧੀ ਉਲੀਕੇ ਸਮਾਗਮਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸ੍ਰੀ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਆਪਣੇ ਪੱਧਰ ‘ਤੇ ਵੀ ਸਮਾਗਮ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ 17 ਅਗਸਤ ਤੋਂ 20 ਅਗਸਤ ਤੱਕ ਕੋਲਕੱਤਾ ਵਿਖੇ ਜਦਕਿ 25 ਅਗਸਤ ਨੂੰ ਕੈਥਲ (ਹਰਿਆਣਾ) ਵਿੱਚ ਸਮਾਗਮ ਆਯੋਜਿਤ ਕੀਤਾ ਜਾਵੇਗਾ।ਸ੍ਰੀ ਬਾਵਾ ਨੇ ਅੱਗੇ ਦੱਸਿਆ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ, 15 ਸਤੰਬਰ ਤੋਂ 5 ਅਕਤੂਬਰ ਤੱਕ ਕਨੇਡਾ ਅਤੇ ਅਮਰੀਕਾ ਦੇ ਗੁਰੂਦੁਆਰਾ ਸਾਹਿਬ ਵਿਖੇ ਕੁੱਲ 11 ਸਮਾਗਮ ਗੁਰਮੀਤ ਸਿੰਘ ਗਿੱਲ, ਅਸ਼ੋਕ ਬਾਵਾ, ਬ੍ਰਿਗੇਡੀਅਰ ਨਵਾਬ ਸਿੰਘ ਅਤੇ ਹਰਬੰਸ ਸਿੰਘ ਦਿਉਲ, ਗੈਰੀ ਗਰੇਵਾਲ ਵੱਲੋਂ ਆਯੋਜਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ 25 ਅਕਤੂਬਰ ਨੂੰ ਬੰਬਈ ਅਤੇ ਨਵੰਬਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਸਮਾਗਮ ਆਯੋਜਨ ਕੀਤੇ ਜਾਣਗੇ। ਉਨਾਂ ਦੱਸਿਆ ਕਿ 25 ਅਗਸਤ ਨੂੰ ਹਰਿਆਣਾ ਕੈਥਲ ਵਿਖੇ ਹੋਣ ਵਾਲੇ ਸਮਾਗਮ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਸ਼ਾਮਲ ਹੋਣਗੇ। ਇਸ ਮੌਕੇ ਕਰਨੈਲ ਸਿੰਘ ਗਿੱਲ, ਦਲਜੀਤ ਕੁਲਾਰ, ਅਮਰਿੰਦਰ ਸਿੰਘ ਜੱਸੋਵਾਲ, ਹਰਪ੍ਰੀਤ ਸਿੰਘ, ਅਜਮੇਰ ਸਿੰਘ ਰਾਜੋਆਣਾ, ਮਨਜੀਤ ਹੰਬੜਾ, ਗਗਨਦੀਪ ਬਾਵਾ, ਰੇਸ਼ਮ ਸਿੰਘ ਸਿੱਧੂ, ਆਦਿ ਹਾਜ਼ਰ ਸਨ।