ਮੈਕੁਲਮ ਨੇ ਕ੍ਰਿਕਟ ਤੋਂ ਸੰਨਿਆਸ ਲਿਆ
ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਬਰੈਂਡਨ ਮੈਕੁਲਮ ਗਲੋਬਲ ਟੀ-20 ਕੈਨੇਡਾ ਦੇ ਸਮਾਪਤ ਹੋਣ ਮਗਰੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਲਵੇਗਾ। ਟੋਰਾਂਟੋ ਨੈਸ਼ਨਲਜ਼ ਵੱਲੋਂ ਖੇਡ ਰਹੇ ਮੈਕੁਲਮ ਨੇ 2016 ਵਿੱਚ ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲਿਆ ਸੀ, ਪਰ ਉਹ ਵਿਸ਼ਵ ਪੱਧਰ ’ਤੇ ਟੀ-20 ਲੀਗ ਵਿੱਚ ਖੇਡ ਰਿਹਾ ਸੀ। ਇਸ 37 ਸਾਲ ਦੇ ਖਿਡਾਰੀ ਨੇ 101 ਟੈਸਟ ਮੈਚਾਂ ਵਿੱਚ 6453 ਦੌੜਾਂ ਬਣਾਈਆਂ, ਜਿਸ ਵਿੱਚ 12 ਸੈਂਕੜੇ ਦਰਜ ਹਨ। ਉਸ ਦਾ ਸਰਵੋਤਮ ਸਕੋਰ 302 ਦੌੜਾਂ ਹੈ।ਉਸ ਨੇ 260 ਇੱਕ ਰੋਜ਼ਾ ਵਿੱਚ 6083 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ 71 ਟੀ-20 ਕੌਮਾਂਤਰੀ ਮੈਚਾਂ ਵਿੱਚ 2140 ਦੌੜਾਂ ਬਣਾਈਆਂ। ਮੈਕੁਲਮ ਨੇ ਆਪਣੇ ਟਵਿੱਟਰ ਹੈਂਡਲ ’ਤੇ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਮੈਂ ਅੱਜ ਮਾਣ ਅਤੇ ਸੰਤੁਸ਼ਟੀ ਨਾਲ ਜੀਟੀ-20 ਕੈਨੇਡਾ ਦੀ ਸਮਾਪਤੀ ਮਗਰੋਂ ਹਰੇਕ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਮੈਂ ਯੂਰੋ ਟੀ-20 ਸਲੈਮ ਵਿੱਚ ਨਹੀਂ ਖੇਡਾਂਗਾ ਅਤੇ ਮੈਂ ਪ੍ਰਬੰਧਕਾਂ ਦਾ ਉਨ੍ਹਾਂ ਦੇ ਸਮਰਥਨ ਅਤੇ ਮੇਰੇ ਫ਼ੈਸਲੇ ਨੂੰ ਸਮਝਣ ਲਈ ਧੰਨਵਾਦ ਕਰਦਾ ਹਾਂ।’’ਉਸ ਨੇ ਕਿਹਾ, ‘‘ਮੈਂ ਆਪਣੇ 20 ਸਾਲ ਦੇ ਪੇਸ਼ੇਵਰ ਕਰੀਅਰ ਵਿੱਚ ਜੋ ਹਾਸਲ ਕੀਤਾ, ਮੈਨੂੰ ਉਸ ’ਤੇ ਮਾਣ ਹੈ। ਮੈਂ ਇਸ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਨਿਊਜ਼ੀਲੈਂਡ ਲਈ ਖੇਡਦਿਆਂ ਅਸੀਂ ਆਪਣੀ ਸ਼ੈਲੀ ਨਾਲ ਦੁਨੀਆਂ ਵਿੱਚ ਨਾਮਣਾ ਖੱਟਿਆ ਹੈ।