ਦਿੱਲੀ ’ਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਛੇ ਮੌਤਾਂ

ਨਵੀਂ ਦਿੱਲੀ – ਕੌਮੀ ਰਾਜਧਾਨੀ ਦੇ ਜ਼ਾਕਿਰ ਨਗਰ ਵਿਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਇਮਾਰਤ ਦੀ ਪਾਰਕਿੰਗ ਵਿੱਚ ਖੜ੍ਹੀਆਂ ਸੱਤ ਕਾਰਾਂ ਤੇ ਦਰਜਨ ਤੋਂ ਵੱਧ ਮੋਟਰਸਾਈਕਲ ਵੀ ਅੱਗ ਵਿੱਚ ਲਪੇਟ ਵਿੱਚ ਆਉਣ ਕਾਰਨ ਸੜ ਗਏ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਰਾਤ ਵੇਲੇ ਜ਼ਾਕਿਰ ਨਗਰ ਦੀ ਇਸ ਇਮਾਰਤ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਅੱਠ ਅੱਗ-ਬੁਝਾਊ ਗੱਡੀਆਂ ਭੇਜੀਆਂ ਗਈਆਂ ਅਤੇ ਸਵੇਰੇ ਕਰੀਬ ਸਾਢੇ 5 ਵਜੇ ਤੱਕ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਬੁਝਾਊ ਦਸਤੇ ਅਤੇ ਦਿੱਲੀ ਪੁਲੀਸ ਨੇ 20 ਲੋਕਾਂ ਨੂੰ ਇਸ ਇਮਾਰਤ ਵਿੱਚੋਂ ਸੁਰੱਖਿਅਤ ਕੱਢ ਲਿਆਂਦਾ। ਅੱਗ ਬੁਝਾਊ ਅਮਲੇ ਮੁਤਾਬਕ ਇਹ ਅੱਗ ਬਿਜਲੀ ਦੇ ਮੀਟਰ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਲੱਗੀ, ਜੋ ਚਾਰ ਮੰਜ਼ਿਲਾ ਇਮਾਰਤ ਵਿੱਚ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਕਾਰਨ ਜ਼ੋਹਾ (34), ਨਗਮੀ (30), ਅਰਬਾਜ਼ (6), ਆਮਨਾ (8) ਅਤੇ ਜ਼ਿਕਰਾ (8) ਅਤੇ ਇੱਕ ਅਣਪਛਾਤਾ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲਗਭਗ 11 ਲੋਕਾਂ ਦਾ ਇਲਾਜ ਜਾਰੀ ਹੈ।