ਪਹਿਲਾ ਇੱਕ ਰੋਜ਼ਾ ਸ਼ਿਖਰ ਧਵਨ ਦੀ ਹੋਵੇਗੀ ਵਾਪਸੀ
ਟੀ-20 ਲੜੀ ਵਿੱਚ ਵੈਸਟ ਇੰਡੀਜ਼ ਦੀ ਫੱਟੀ ਪੋਚਣ ਮਗਰੋਂ ਭਾਰਤ ਵੀਰਵਾਰ ਨੂੰ ਇੱਥੇ ਮੇਜ਼ਬਾਨ ਟੀਮ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਉਤਰੇਗਾ। ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋਣ ਵਾਲੇ ਭਾਰਤ ਦਾ ਇਹ ਪਹਿਲਾ ਇੱਕ ਰੋਜ਼ਾ ਮੈਚ ਹੈ, ਜਿਸ ਵਿੱਚ ਸ਼ਿਖਰ ਧਵਨ ਦੀ ਸਲਾਮੀ ਬੱਲੇਬਾਜ਼ ਵਜੋਂ ਵਾਪਸੀ ਹੋਵੇਗੀ। ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਮਗਰੋਂ ਭਾਰਤ ਦਾ ਤੀਜਾ ਸਰਵੋਤਮ ਬੱਲੇਬਾਜ਼ ਧਵਨ ਵਿਸ਼ਵ ਕੱਪ ਦੌਰਾਨ ਜ਼ਖ਼ਮੀ ਹੋ ਗਿਆ ਸੀ। ਧਵਨ ਨੇ ਭਾਰਤ ਵੱਲੋਂ 130 ਮੈਚਾਂ ਵਿੱਚ 17 ਸੈਂਕੜੇ ਜੜੇ ਹਨ ਅਤੇ ਉਹ ਇੱਕ ਵਾਰ ਫਿਰ ਰੋਹਿਤ ਨਾਲ ਪਾਰੀ ਦਾ ਆਗਾਜ਼ ਕਰੇਗਾ। ਇਸ ਤਰ੍ਹਾਂ ਕੇਐਲ ਰਾਹੁਲ ਦੀ ਚੌਥੇ ਨੰਬਰ ’ਤੇ ਮੁੜ ਵਾਪਸੀ ਹੋ ਸਕਦੀ ਹੈ, ਜੋ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਰੋਹਿਤ ਨਾਲ ਸਲਾਮੀ ਬੱਲੇਬਾਜ਼ ਸੀ।ਕਪਤਾਨ ਵਿਰਾਟ ਕੋਹਲੀ ਆਪਣੇ ਪਸੰਦੀਦਾ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ। ਕੇਦਾਰ ਜਾਧਵ ਦੇ ਪੰਜਵੇਂ ਜਾਂ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਦੀ ਉਮੀਦ ਹੈ। ਹਾਲਾਂਕਿ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਰਿਸ਼ਭ ਪੰਤ ਨੂੰ ਕਿਸ ਕ੍ਰਮ ’ਤੇ ਉਤਾਰਿਆ ਜਾਂਦਾ ਹੈ। ਮੱਧਕ੍ਰਮ ਦੇ ਇੱਕ ਹੋਰ ਸਥਾਨ ਲਈ ਮਨੀਸ਼ ਪਾਂਡੇ ਅਤੇ ਸ਼੍ਰੇਅਸ ਅਈਅਰ ਵਿਚਾਲੇ ਦਾਅਵੇਦਾਰੀ ਹੋਵੇਗੀ। ਪਾਂਡੇ ਟੀ-20 ਕੌਮਾਂਤਰੀ ਮੈਚਾਂ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਲਈ ਅਈਅਰ ਨੂੰ ਮੌਕਾ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਇੱਕ ਹਫ਼ਤੇ ਅੰਦਰ ਦੋ ਦੇਸ਼ਾਂ ਵਿੱਚ ਤਿੰਨ ਟੀ-20 ਕੌਮਾਂਤਰੀ ਖੇਡਣ ਵਾਲੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਮੁਹੰਮਦ ਸ਼ਮੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰੇਗਾ, ਜਦਕਿ ਨਵਦੀਪ ਸੈਣੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਪਹਿਲੀ ਵਾਰ ਕਦਮ ਰੱਖੇਗਾ।ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਹਾਰਨ ਮਗਰੋਂ ਹਾਲਾਂਕਿ ਵਿਰਾਟ ਕੋਹਲੀ ਦੀ ਟੀਮ ਇਕਜੁਟ ਹੋ ਕੇ ਵਾਪਸੀ ਕਰਨ ਵਿੱਚ ਸਫਲ ਰਹੀ। ਉਸ ਨੇ ਟੀ-20 ਲੜੀ ਵਿੱਚ ਵੈਸਟ ਇੰਡੀਜ਼ ਨੂੰ 3-0 ਨਾਲ ਹਰਾਇਆ। ਰੋਹਿਤ ਨੇ ਆਲਮੀ ਟੂਰਨਾਮੈਂਟ ਵਿੱਚ ਪੰਜ ਸੈਂਕੜੇ ਜੜੇ ਸਨ। ਹੁਣ ਵੀ ਉਹ ਸ਼ਾਨਦਾਰ ਲੈਅ ਵਿੱਚ ਹੈ। ਵੈਸਟ ਇੰਡੀਜ਼ ਸਾਹਮਣੇ ਰੋਹਿਤ ਤੋਂ ਇਲਾਵਾ ਧਵਨ ਨੂੰ ਵੀ ਰੋਕਣ ਦੀ ਚੁਣੌਤੀ ਹੋਵੇਗੀ।