January 15, 2025
#ਖੇਡਾਂ

ਪੰਤ ਭਵਿੱਖ ਹੈ ਉਸ ਨੂੰ ਸਮਾਂ ਦੇਣਾ ਹੋਵੇਗਾ: ਕੋਹਲੀ

ਕਪਤਾਨ ਵਿਰਾਟ ਕੋਹਲੀ ਨੌਜਵਾਨ ਰਿਸ਼ਭ ਪੰਤ ’ਤੇ ਵਾਧੂ ਦਬਾਅ ਨਹੀਂ ਪਾਉਣਾ ਚਾਹੁੰਦਾ ਅਤੇ ਉਸ ਨੇ ਕਿਹਾ ਕਿ ਉਹ ਭਵਿੱਖ ਦਾ ਖਿਡਾਰੀ ਹੈ, ਜਿਸ ਨੂੰ ਆਪਣੀ ਪੂਰੀ ਸਮਰੱਥਾ ਵਿਖਾਉਣ ਲਈ ਸਮਾਂ ਦੇਣ ਦੀ ਲੋੜ ਹੈ। 21 ਸਾਲ ਦਾ ਪੰਤ ਭਵਿੱਖ ਵਿੱਚ ਮਹਿੰਦਰ ਸਿੰਘ ਧੋਨੀ ਦੀ ਥਾਂ ਭਾਰਤੀ ਟੀਮ ਦਾ ਵਿਕਟਕੀਪਰ ਹੋਵੇਗਾ। ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ ਟੀ-ਮੈਚਾਂ ਵਿੱਚ ਉਸ ਦੇ ਸ਼ਾਟ ਮਾਰਨ ਦੇ ਢੰਗ ਦੀ ਕਾਫ਼ੀ ਆਲੋਚਨਾ ਹੋਈ ਸੀ, ਪਰ ਤੀਜੇ ਟੀ-20 ਵਿੱਚ ਉਸ ਨੇ 42 ਗੇਂਦਾਂ ਵਿੱਚ ਨਾਬਾਦ 65 ਦੌੜਾਂ ਬਣਾਈਆਂ। ਕੋਹਲੀ ਨੇ ਤੀਜੇ ਮੈਚ ਮਗਰੋਂ ਕਿਹਾ, ‘‘ਅਸੀਂ ਪੰਤ ਨੂੰ ਭਵਿੱਖ ਵਜੋਂ ਵੇਖ ਰਹੇ ਹਾਂ। ਉਸ ਕੋਲ ਸਮਰੱਥਾ ਅਤੇ ਹੁਨਰ ਵੀ ਹੈ। ਉਸ ’ਤੇ ਦਬਾਅ ਬਣਾਉਣ ਦੀ ਥਾਂ ਉਸ ਨੂੰ ਸਮਾਂ ਦੇਣ ਦੀ ਲੋੜ ਹੈ।’’ ਉਸ ਨੇ ਕਿਹਾ ਕਿ ਉਹ ਛੇਤੀ ਹੀ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਲੱਗੇਗਾ। ਕਪਤਾਨ ਨੇ ਕਿਹਾ, ‘‘ਉਸ ਦੇ ਪ੍ਰਦਰਸ਼ਨ ਵਿੱਚ ਕਾਫ਼ੀ ਨਿਖਾਰ ਆਇਆ ਹੈ। ਇਸ ਤਰ੍ਹਾਂ ਦੇ ਮੈਚਾਂ ਨੂੰ ਜਿਤਾਉਣਾ ਅਹਿਮ ਹੈ। ਕੌਮਾਂਤਰੀ ਕ੍ਰਿਕਟ ਵਿੱਚ ਦਬਾਅ ਨੂੰ ਵੱਖਰੀ ਤਰ੍ਹਾਂ ਨਾਲ ਲਿਆ ਜਾਂਦਾ ਹੈ। ਜੇਕਰ ਉਹ ਇਸ ਤਰ੍ਹਾਂ ਲਗਾਤਾਰ ਖੇਡਦਾ ਰਿਹਾ ਤਾਂ ਭਾਰਤ ਦਾ ਸਟਾਰ ਸਾਬਤ ਹੋਵੇਗਾ।