ਆੜਤੀਆਂ ਨੂੰ ਖਰੀਦ ਪ੍ਰਕਿਰਿਆ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ ਕੈਪਟਨ ਅਮਰਿੰਦਰ ਸਿੰਘ
ਆੜਤੀਆਂ ਨੂੰ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜਤੀਆਂ ਦੇ ਖਦਸ਼ਿਆਂ ਨੂੰ ਦੂਰ ਕਰਦਿਆਂ ਆਖਿਆ ਕਿ ਉਨਾਂ ਨੂੰ ਖਰੀਦ ਪ੍ਰਣਾਲੀ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨਾਂ ਨੇ ਆੜਤੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਵੱਲੋਂ ਤੈਅ ਪ੍ਰਕਿਰਿਆ ਮੁਤਾਬਕ ਸੂਬੇ ਵਿੱਚ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐਫ.ਐਮ.ਐਸ) ਨੂੰ ਨਿਰਵਿਘਨ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸੂਬਾ ਸਰਕਾਰ ਪੂਰਨ ਤੌਰ ’ਤੇ ਸਹਿਯੋਗ ਕਰੇਗੀ।ਅੱਜ ਇੱਥੇ ਕਿਸਾਨ ਭਵਨ ਵਿਖੇ ਆੜਤੀਆਂ ਦੀ ਜਥੇਬੰਦੀ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਵੱਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਭੰਡਾਰ ਲਈ ਕਣਕ ਤੇ ਝੋਨੇ ਦੀ ਖਰੀਦ ਪ੍ਰਕਿਰਿਆ ਤੋਂ ਆੜਤੀਆਂ ਨੂੰ ਬਾਹਰ ਕਰਨ ਬਾਰੇ ਏ.ਪੀ.ਐਮ.ਸੀ. ਐਕਟ ’ਚ ਕੋਈ ਸੋਧ ਨਹੀਂ ਕੀਤੀ ਜਾਵੇਗੀ। ਉਨਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੇ ਆੜਤੀਆਂ ਨਾਲ ਬਹੁਤ ਪੁਰਾਣੇ ਸਬੰਧ ਹਨ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਆੜਤੀਆਂ ਰਾਹੀਂ ਫਸਲ ਦੀ ਅਦਾਇਗੀ ਕਰਨ ਦੀ ਪ੍ਰਕਿਰਿਆ ਬਰਕਰਾਰ ਰੱਖੇਗੀ।ਕੈਪਟਨ ਅਮਰਿੰਦਰ ਸਿੰਘ ਨੇ ਆੜਤੀਆਂ ਵੱਲੋਂ ਪੀ.ਐਫ.ਐਮ.ਐਸ. ਵਿਧੀ ਨੂੰ ਅਪਣਾਉਣ ਦੇ ਕੀਤੇ ਫੈਸਲੇ ’ਤੇ ਵੀ ਤਸੱਲੀ ਜ਼ਾਹਰ ਕੀਤੀ ਕਿਉਂਕਿ ਇਸ ਨੂੰ ਅਮਲ ਵਿੱਚ ਨਾ ਲਿਆਉਣ ਕਰਕੇ ਭਾਰਤ ਸਰਕਾਰ ਨੇ ਸੂਬਾ ਸਰਕਾਰ ਦੀ 1000 ਕਰੋੜ ਰੁਪਏ ਦੀ ਅਦਾਇਗੀ ਰੋਕੀ ਹੋਈ ਹੈ। ਉਨਾਂ ਕਿਹਾ ਕਿ ਵਿੱਤੀ ਸੰਕਟ ਨਾਲ ਜੂਝ ਰਿਹਾ ਸੂਬਾ ਇਸ ਰਕਮ ਦੇ ਜਾਰੀ ਹੋਣ ਵਿੱਚ ਹੋਰ ਦੇਰੀ ਨਹੀਂ ਸਹਾਰ ਸਕਦਾ ਅਤੇ ਇਸ ਵਿੱਚ ਆੜਤੀਆਂ ਨੂੰ ਅਦਾ ਕੀਤੇ ਜਾ ਚੁੱਕੇ 500 ਕਰੋੜ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ।ਮੁੱਖ ਮੰਤਰੀ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਨੂੰ ਪੀ.ਐਫ.ਐਮ.ਐਸ. ਸਾਫਟਵੇਅਰ ਨੂੰ ਵਰਤਣ ਦੀ ਸਿਖਲਾਈ ਦੇਣ ਦੇ ਹੁਕਮ ਦਿੰਦਿਆਂ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਪੀ.ਐਫ.ਐਮ.ਐਸ. ’ਤੇ ਅਪਲੋਡ ਕਰਨ ਅਤੇ ਆੜਤੀਆਂ ਦੇ ਬੈਂਕ ਖਾਤਿਆਂ ਨਾਲ ਕਰਨ ਵਿੱਚ ਵੀ ਸਹਾਇਤਾ ਕਰਨ ਲਈ ਆਖਿਆ।ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਕਿਸਾਨਾਂ ਤੇ ਆੜਤੀਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਭਿ੍ਰਸ਼ਟ ਅਮਲਾਂ ਨੂੰ ਠੱਲ ਪਵੇਗੀ ਜੋ ਅਕਾਲੀਆਂ ਦੇ ਸਾਸ਼ਨ ਦੌਰਾਨ ਖਰੀਦ ਕਾਰਜਾਂ ’ਚ ਹੁੰਦੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਦੌਰਾਨ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਖਰੀਦ ਸੀਜ਼ਨ ਦੇ ਅੰਤ ਵਿੱਚ ਜਾਰੀ ਹੁੰਦੀ ਸੀ ਜਦਕਿ ਉਨਾਂ ਦੀ ਸਰਕਾਰ ਆਉਣ ਤੋਂ ਲੈ ਕੇ ਇਸਦਾ ਬੰਦੋਬਸਤ ਖਰੀਦ ਸ਼ੁਰੂ ਹੋਣ ਤੋਂ ਵੀ ਪਹਿਲਾਂ ਕਰ ਲਿਆ ਜਾਂਦਾ ਹੈ। ਉਨਾਂ ਕਿਹਾ ਕਿ ਅਨਾਜ ਦੀ ਸਮੇਂ ਸਿਰ ਅਦਾਇਗੀ ਅਤੇ ਢੋਆ-ਢੁਆਈ ਨੂੰ ਯਕੀਨੀ ਬਣਾਉਣ ਵਿੱਚ ਆੜਤੀਆਂ ਪਾਸੋਂ ਸਹਿਯੋਗ ਮਿਲਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਖਰੀਦ ਸੀਜ਼ਨਾਂ ਦੌਰਾਨ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਵਿਕਰੀ ਤੋਂ 1.24 ਲੱਖ ਕਰੋੜ ਰੁਪਏ ਦੀ ਵੱਟਤ ਹੋਈ ਹੈ ਜਦਕਿ ਅਕਾਲੀਆਂ ਦੀ ਸਰਕਾਰ ਹੁੰਦਿਆਂ ਇਸੇ ਸਮੇਂ ਦੌਰਾਨ ਕਿਸਾਨਾਂ ਨੂੰ ਇਨਾਂ ਫਸਲਾਂ ਤੋਂ 94,200 ਕਰੋੜ ਰੁਪਏ ਦੀ ਵੱਟਤ ਹੋਈ ਸੀ। ਉਨਾਂ ਕਿਹਾ ਕਿ ਇਸ ਨਾਲ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਕਿਸਾਨਾਂ ਦੀ ਆਮਦਨ ਵਿੱਚ 32 ਫੀਸਦੀ ਦਾ ਇਜ਼ਾਫਾ ਹੋਇਆ ਹੈ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਉਨਾਂ ਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਆੜਤੀਆਂ ਨੂੰ ਕਮਿਸ਼ਨ ਦੇ ਰੂਪ ਵਿੱਚ 3100 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਦਕਿ ਅਕਾਲੀ ਸਰਕਾਰ ਦੌਰਾਨ ਉਨਾਂ ਨੂੰ ਸਿਰਫ਼ 2356 ਕਰੋੜ ਰੁਪਏ ਦੀ ਆਮਦਨ ਹੋਈ ਸੀ ਜੋ ਹੁਣ 32 ਫੀਸਦੀ ਵੱਧ ਬਣਦੀ ਹੈ।ਇਸ ਮੌਕੇ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ, ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ, ਫਤਹਿਗੜ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ, ਖੁਰਾਕ ਤੇ ਸਿਵਲ ਸਪਲਾਈਜ਼ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਮੰਡੀ ਬੋਰਡ ਦੇ ਸਕੱਤਰ ਧਰਮਪਾਲ ਗੁਪਤਾ ਹਾਜ਼ਰ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵੀ ਮੌਜੂਦ ਸਨ।ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਮੀਤ ਪ੍ਰਧਾਨ ਦੇਵੀ ਦਿਆਲ ਗੋਇਲ, ਰਾਜੇਸ਼ ਜੈਨ, ਜ਼ਿਲਾ ਤਰਨ ਤਾਰਨ ਦੇ ਪ੍ਰਧਾਨ ਮਹਾਵੀਰ ਸਿੰਘ ਗਿੱਲ, ਜ਼ਿਲਾ ਸੰਗਰੂਰ ਦੇ ਪ੍ਰਧਾਨ ਜਗਤਾਰ ਸਿੰਘ ਧੂਰੀ, ਜ਼ਿਲਾ ਮਾਨਸਾ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਅਤੇ ਜਥੇਬੰਦੀ ਦੇ ਪੰਜਾਬ ਦੇ ਸਕੱਤਰ ਹਰਬੰਸ ਸਿੰਘ ਅਤੇ ਸ਼ਿਵ ਕੁਮਾਰ ਵੀ ਸ਼ਾਮਲ ਹੋਏ।