ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਚਾਨਕ ਮੌਤ ‘ਤੇ ਡਾ. ਚੀਮਾ ਵੱਲੋਂ ਦੁੱਖ ਦਾ ਪ੍ਰਗਟਾਵਾ

ਰੂਪਨਗਰ – ਰੂਪਨਗਰ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਦੀ ਅਚਾਨਕ ਹੋਈ ਮੌਤ ਕਾਰਨ ਪੂਰੇ ਹੀ ਦੇਸ਼ ਵਿਚ ਸੋਗ ਦੀ ਲਹਿਰ ਹੈ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੂੰ ਸੀਨੇ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੱਲ ਰਾਤ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਉਹ 67 ਵਰ੍ਹਿਆਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ । ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਇੱਕ ਵੱਡੀ ਨਾਮਵਾਰ ਲੀਡਰ ਦੇ ਚਲੇ ਜਾਣ ਨਾਲ ਜਿੱਥੇ ਪੂਰੇ ਦੇਸ਼ ਅਤੇ ਸਮਾਜ ਨੂੰ ਘਾਟਾ ਪਿਆ ਹੈ। ਉੱਥੇ ਹੀ ਪੂਰੀ ਦੁਨੀਆਂ ਵਿੱਚ ਵੀ ਸੋਗ ਦੀ ਲਹਿਰ ਹੈ । ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਜੀ ਨੇ ਵਿਦੇਸ਼ ਮੰਤਰੀ ਰਹਿੰਦੇ ਹੋਏ ਭਾਰਤ ਨੂੰ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਦਵਾਈ ਅਤੇ ਹਜ਼ਾਰਾਂ ਹੀ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ । ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦੇਸ਼ ਮੰਤਰੀ ਰਹਿੰਦੇ ਵਿਦੇਸ਼ ਮੰਤਰਾਲੇ ਦੀ ਇੱਕ ਵੱਖਰੀ ਪਹਿਚਾਣ ਪੂਰੇ ਦੇਸ਼ ਅਤੇ ਦੁਨੀਆਂ ਵਿੱਚ ਬਣਾਈ । ਜਿਸ ਦੇ ਚੱਲਦਿਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਹਰ ਵਰਗ ਦੇ ਲੋਕ ਉਨ੍ਹਾਂ ਕੋਲ ਮਦਦ ਦੀ ਅਪੀਲ ਕਰਦੇ ਸਨ ਅਤੇ ਵਿਦੇਸ਼ ਮੰਤਰੀ ਜੀ ਉਨ੍ਹਾਂ ਦੀ ਬਿਨਾਂ ਭੇਦ ਭਾਵ ਤੋਂ ਮਦਦ ਕਰਦੇ ਸਨ । ਡਾ.ਚੀਮਾ ਨੇ ਕਿਹਾ ਕਿ ਸਵਰਾਜ ਜੀ ਇੱਕ ਬੇਦਾਗ਼ ਸ਼ਖ਼ਸੀਅਤ ਸਨ ਉਨ੍ਹਾਂ ਨੇ ਸਾਰੀ ਉਮਰ ਹੀ ਸਮਾਜ ਅਤੇ ਲੋਕਾਂ ਦੀ ਸੇਵਾ ਕੀਤੀ ਅਤੇ ਰਾਜਨੀਤੀ ਵਿੱਚ ਵੀ ਉਨ੍ਹਾਂ ਨੇ ਹਰੇਕ ਨੂੰ ਮਾਣ ਅਤੇ ਸਤਿਕਾਰ ਦਿੱਤਾ । ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਸਮਾਜ ਅਤੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਉਹ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ ਅਤੇ ਉਨ੍ਹਾਂ ਦੇ ਵਿਚਾਰ ਅਤੇ ਆਦਰਸ਼ ਲੋਕਾਂ ਨੂੰ ਹਮੇਸ਼ਾ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਰਹਿਣਗੇ । ਡਾ. ਚੀਮਾ ਨੇ ਅੰਤ ਵਿਚ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।