ਸਹਿਕਾਰਤਾ ਮੰਤਰੀ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਨਵੰਬਰ ਦੇ ਪਹਿਲੇ ਪੰਦਰਵਾੜੇ ਕਰਵਾਇਆ ਜਾਵੇਗਾ ‘ਡੇਰਾ ਬਾਬਾ ਨਾਨਕ ਉਤਸਵ’: ਰੰਧਾਵਾ
ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਅਤੇ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ ਇਥੇ ਸੈਕਟਰ-35 ਸਥਿਤ ਮਾਰਕਫੈਡ ਦਫਤਰ ਵਿਖੇ ਮੀਟਿੰਗਾਂ ਕੀਤੀਆਂ। ਮੀਟਿੰਗ ਉਪਰੰਤ ਉਨਾਂ ਫੈਸਲਾ ਕੀਤਾ ਕਿ ਸਮਾਗਮ ਵਾਲੀ ਥਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲੇ ਜਾ ਰਹੇ ਲਾਂਘੇ ਦੇ ਕੰਮ ਨੂੰ ਦੇਖਣ ਲਈ ਸ. ਰੰਧਾਵਾ ਵੱਲੋਂ ਸਬੰਧਤ ਅਧਿਕਾਰੀਆਂ ਦੀ 9 ਅਗਸਤ ਨੂੰ ਡੇਰਾ ਬਾਬਾ ਨਾਨਕ ਵਿਖੇ ਮੀਟਿੰਗ ਸੱਦੀ ਗਈ ਹੈ।ਸ. ਰੰਧਾਵਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਿਖੇ ਨਵੰਬਰ ਦੇ ਪਹਿਲੇ ਪੰਦਰਵਾੜੇ ‘ਡੇਰਾ ਬਾਬਾ ਨਾਨਕ ਉਤਸਵ’ ਹੋਵੇਗਾ। ਸਾਹਿਤ ਤੇ ਕਲਾ ਦੇ ਸੁਮੇਲ ਵਾਲੇ ਇਸ ਉਤਸਵ ਰਾਹੀਂ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਨਾਨਕ ਦੇ ਜੀਵਨ ਅਤੇ ਉਨਾਂ ਦੇ ਫਲਸਫੇ ਤੋਂ ਜਾਣੂੰ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲਿਆ ਜਾ ਰਿਹਾ ਹੈ ਜੋ ਕਿ ਸਮੁੱਚੀ ਨਾਨਕ ਨਾਮ ਲੇਵਾ ਲਈ ਇਸ ਸ਼ਤਾਬਦੀ ਸਮਾਗਮ ਦਾ ਵੱਡਾ ਤੋਹਫਾ ਜਿਸ ਲਈ ਇਸ ਇਤਿਹਾਸਕ ਪਲ ਨੂੰ ਹੋਰ ਯਾਦਗਾਰੀ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨਾਂ ਅੱਜ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪੁੱਜਣ ਕਾਰਨ ਡੇਰਾ ਬਾਬਾ ਨਾਨਕ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾਵੇ। ਸੜਕਾਂ ਦਾ ਕੰਮ ਅਤੇ ਸਾਫ ਸਫਾਈ ਤੋਂ ਇਲਾਵਾ ਪਾਰਕਿੰਗ ਸਥਾਨ ਬਣਾਏ ਜਾਣ। ਉਨਾਂ ਕਿਹਾ ਕਿ ਕਿਸੇ ਵੀ ਸ਼ਰਧਾਲੂ ਨੂੰ ਦਰਸ਼ਨ ਕਰਨ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਸਾਰੇ ਪ੍ਰਬੰਧ ਸੁਚਾਰੂ ਤਰੀਕੇ ਨਾਲ ਨੇਪਰੇ ਚਾੜੇ ਜਾਣ। ਉਨਾਂ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧੀ ਉਹ ਖੁਦ 9 ਅਗਸਤ ਨੂੰ ਉਚ ਅਧਿਕਾਰੀਆਂ ਤੇ ਸਥਾਨਕ ਪ੍ਰਸ਼ਾਸਨ ਨਾਲ ਮੀਟਿੰਗ ਕਰ ਕੇ ਤਿਆਰੀਆਂ ਦਾ ਜਾਇਜ਼ਾ ਲੈਣਗੇ।ਅੱਜ ਦੀਆਂ ਮੀਟਿੰਗਾਂ ਵਿੱਚ ਵਧੀਕ ਮੁੱਖ ਸਕੱਤਰ (ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ) ਸ੍ਰੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ (ਸੈਰ ਸਪਾਟਾ ਤੇ ਸੱਭਿਆਚਾਰ) ਸ੍ਰੀ ਵਿਕਾਸ ਪ੍ਰਤਾਪ, ਸਕੱਤਰ (ਲੋਕ ਨਿਰਮਾਣ ਵਿਭਾਗ) ਸ੍ਰੀ ਹੁਸਨ ਲਾਲ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ, ਉਦਯੋਗ ਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਸੀ ਸਿਬਨ. ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਈਅਬ, ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਚਰਨਦੇਵ ਸਿੰਘ ਮਾਨ, ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ, ਡਾ.ਮਨਮੋਹਨ, ਡਾ. ਸਰਬਜਿੰਦਰ ਸਿੰਘ, ਡਾ. ਨੀਲਮ ਗਰੇਵਾਲ, ਸਵਰਨਜੀਤ ਸਵੀ ਆਦਿ ਹਾਜ਼ਰ ਸਨ।