September 9, 2024
#ਪੰਜਾਬ

375 ਸੀ.ਐੱਚ.ਟੀ. ਤੇ 1558 ਐੱਚ.ਟੀ. ਅਧਿਆਪਕਾਂ ਦੀ ਸਿੱਧੀ ਭਰਤੀ ਦਾ ਸਿੱਖਿਆ ਮੰਤਰੀ ਨੇ ਨਤੀਜਾ ਐਲਾਨਿਆ

ਚੰਡੀਗੜ – ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਅੱਜ ਚੰਡੀਗੜ ਵਿਖੇ 375 ਸੀ.ਐੱਚ.ਟੀ ਤੇ 1558 ਐੱਚ. ਟੀ. ਅਧਿਆਪਕਾਂ ਦੀ ਸਿੱਧੀ ਭਰਤੀ ਦੇ ਆਨ ਲਾਈਨ ਨਤੀਜੇ ਦਾ ਐਲਾਨ ਕੰਪਿਊਟਰ ਦਾ ਬਟਨ ਦਬਾ ਕੇ ਕੀਤਾ।ਸਿੱਖਿਆ ਵਿਭਾਗ ਵੱਲੋਂ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ-ਕਮ-ਡਾਇਰੈਕਟਰ ਜਰਨਲ ਸਕੂਲ ਸਿੱਖਿਆ, ਪੰਜਾਬ ਵੱਲੋਂ 375 ਸੀ.ਐੱਚ.ਟੀ ਅਤੇ 1558 ਐੱਚ.ਟੀ.ਅਧਿਆਪਕਾਂ ਦੀ ਸਿੱਧੀ ਭਰਤੀ ਲਈ ਇਸ ਸਾਲ 9 ਮਾਰਚ ਨੂੰ ਦਿੱਤੇ ਗਏ ਇਸ਼ਤਿਹਾਰ ਅਤੇ 20,21 ਜੁਲਾਈ ਨੂੰ ਲਈ ਗਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਸੀ.ਐੱਚ.ਟੀ ਦੀ ਭਰਤੀ ਲਈ 4543 ਅਤੇ ਐਚ.ਟੀ. ਦੀ ਭਰਤੀ ਲਈ 7314 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਇਮਰੀ ਵਰਗ ਲਈ ਸਰਕਾਰ ਵੱਲੋਂ ਵਿਭਾਗ ਵਿੱਚ ਪਹਿਲਾਂ ਹੀ ਵੱਖ-ਵੱਖ ਕੈਟਾਗਰੀਆਂ ਅਧੀਨ ਕੰਮ ਕਰਦੇ ਸਰਕਾਰੀ ਅਧਿਆਪਕਾਂ ਨੂੰ ਸਿੱਧੀ ਭਰਤੀ ਦਾ ਮੌਕਾ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਉਪਰੋਕਤ ਪ੍ਰੀਖਿਆ ਪਾਸ ਅਧਿਆਪਕਾਂ ਲਈ ਇਹ ਬਹੁਤ ਸੁਨਹਿਰਾ ਅਵਸਰ ਹੈ ਕਿਉਂਕਿ ਉਹ ਜਵਾਨੀ ਦੀ ਉਮਰ ‘ਚ ਹੀ ਸੀ.ਐੱਚ.ਟੀ ਤੇ ਐੱਚ.ਟੀ ਬਣ ਜਾਣਗੇ, ਇਸ ਕਰਕੇ ਉਹਨਾਂ ਲਈ ਅਗਲੇਰੀ ਵਿਭਾਗੀ ਤਰੱਕੀ ਵਿੱਚ ਬਹੁਤ ਮੌਕੇ ਆਉਂਣਗੇ।ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਮਾਹਿਰਾਂ ਵੱਲੋਂ ਉਪਰੋਕਤ ਦੋਵੇਂ ਕੈਟਾਗਰੀਆਂ ਦੇ ਅਧਿਆਪਕਾਂ ਲਈ ਪ੍ਰੀਖਿਆ ਦਾ ਪੈਟਰਨ ਇਸ ਢੰਗ ਨਾਲ਼ ਤਿਆਰ ਕੀਤਾ ਗਿਆ ਸੀ ਕਿ ਬੱਚਿਆਂ ਨੂੰ ਪੜਾਉਣ ਵੇਲੇ ਵੱਧ ਤੋਂ ਵੱਧ ਕੰਮ ਆਉਣ। ਉਦਾਹਰਣ ਦੇ ਤੌਰ ਤੇ ਇਹਨਾਂ ਪ੍ਰਸ਼ਨਾਂ ਚ ਆਮ ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ, ਪੰਜਾਬੀ ਸਭਿਆਚਾਰ, ਵਾਤਾਵਰਨ, ਮੈਨੇਜਮੈਂਟ, ਕੰਪਿਉਟਰ ਸਿੱਖਿਆ, ਖੇਤਰ ਨਾਲ਼ ਸਬੰਧਿਤ ਮਸਲਿਆਂ ਆਦਿ ਨਾਲ਼ ਜੁੜੀ ਜਾਣਕਾਰੀ ਪਰੋਸੀ ਗਈ ਸੀ। ਉਹਨਾਂ ਆਖਿਰ ਵਿੱਚ ਦੱਸਿਆ ਕਿ ਸੀ.ਐੱਚ.ਟੀ. ਤੇ ਐੱਚ.ਟੀ. ਦੀ ਸਿੱਧੀ ਭਰਤੀ ਲਈ ਸ਼ੁਰੂ ਤੋਂ ਲੈ ਕੇ ਆਖ਼ੀਰ ਤੱਕ ਸਾਰੀ ਤਿਆਰੀ ਅਤੇ ਕਾਰਵਾਈ ਕੰਪਿਊਟਰੀਕਰਨ ਤੇ ਅਧਾਰਿਤ ਹੈ ਤੇ ਇਸ ਨੂੰ ਦਖ਼ਲਅੰਦਾਜ਼ੀ ਅਤੇ ਬਾਹਰੀ ਪ੍ਰਭਾਵਾਂ ਤੋਂ ਮੁਕਤ ਰੱਖ ਕੇ ਸ਼ੁੱਧ ਪਾਰਦਰਸ਼ੀ ਤੇ ਭਰੋਸੇਯੋਗਤਾ ਦੀ ਕਸਵੱਟੀ ਤੇ ਪੂਰਾ ਉਤਾਰਿਆ ਗਿਆ ਹੈ।