‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

ਵਾਸ਼ਿੰਗਟਨ – ਭਾਰਤ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਉਹਦੇ ਫੈਸਲੇ ਮਗਰੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਇਸਲਾਮਾਬਾਦ ਨੂੰ ਇਲਮ ਹੋ ਗਿਆ ਹੈ ਕਿ ਖਿੱਤੇ ਵਿੱਚ ਜੇਕਰ ਵਿਕਾਸ ਹੁੰਦਾ ਹੈ ਤਾਂ ਉਹ ਇਥੋਂ ਦੇ ਲੋਕਾਂ ਨੂੰ ਹੋਰ ਕੁਰਾਹੇ ਨਹੀਂ ਪਾ ਸਕੇਗਾ। ਇਸ ਦੌਰਾਨ ਅਮਰੀਕਾ ਤੇ ਚੀਨ ਨੇ ਦੋਵਾਂ ਮੁਲਕਾਂ ਨੂੰ ਗੱਲਬਾਤ ਜ਼ਰੀਏ ਵੱਖਰੇਵੇਂ ਦੂਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਉਹ ਕਸ਼ਮੀਰ ਨੂੰ ਦੁਵੱਲਾ ਮੁੱਦਾ ਮੰਨਦਾ ਹੈ। ਉਧਰ ਪਾਕਿ ਵਿਦੇਸ਼ ਮੰਤਰੀ ਚੀਨੀ ਹਮਾਇਤ ਲਈ ਪੇਈਚਿੰਗ ਪੁੱਜ ਗਏ ਹਨ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਹਰ ਫੈਸਲਾ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ। ਕੁਮਾਰ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਅਮਨ ਵਾਰਤਾ ਨਾਲ ਜੋੜਨ ਦੇ ਪਾਕਿਸਤਾਨੀ ਯਤਨ ਕਿਸੇ ਕੰਮ ਨਹੀਂ ਆਉਣਗੇ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਕਿਹਾ, ‘ਅਜਿਹਾ ਜਾਪਦਾ ਹੈ ਕਿ ਜੰਮੂ ਤੇ ਕਸ਼ਮੀਰ ਵਿੱਚ ਭਾਰਤ ਦੀ ਇਸ ਪਹਿਲਕਦਮੀ ਤੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਗੁਆਂਢੀ ਮੁਲਕ ਨੂੰ ਇਲਮ ਹੋ ਗਿਆ ਹੈ ਕਿ ਜੇਕਰ ਜੰਮੂ ਤੇ ਕਸ਼ਮੀਰ ਵਿਕਾਸ ਦੇ ਰਾਹ ਪੈ ਗਿਆ ਤਾਂ ਉਹ ਇਥੋਂ ਦੇ ਲੋਕਾਂ ਨੂੰ ਹੋਰ ਕੁਰਾਹੇ ਨਹੀਂ ਪਾ ਸਕੇਗਾ।’ ਕੁਮਾਰ ਨੇ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਨੂੰ ਮੁਅੱਤਲ ਕਰਨ ਦੀ ਕਾਰਵਾਈ ਨੂੰ ਇਕਤਰਫ਼ਾ ਤੇ ਮੰਦਭਾਗੀ ਕਰਾਰ ਦਿੱਤਾ। ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਤਕ ਸਫ਼ਾਰਤੀ ਰਸਾਈ ਦੇਣ ਦੀ ਗੱਲ ਕਰਦਿਆਂ ਕੁਮਾਰ ਨੇ ਕਿਹਾ, ‘ਅਸੀਂ ਪਾਕਿਸਤਾਨ ਦੇ ਸੰਪਰਕ ਵਿੱਚ ਹਾਂ।’ਇਸ ਦੌਰਾਨ ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਕਸ਼ਮੀਰ ਸਬੰਧੀ ਉਸ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਆਇਆ ਤੇ ਉਸ ਨੇ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਨੂੰ ਸੰਜਮ ਨਾਲ ਕੰਮ ਲੈਣ ਅਤੇ ਵੱਖਰੇਵਿਆਂ ਨੂੰ ਦੂਰ ਕਰਨ ਲਈ ਸੰਵਾਦ ਦੇ ਰਾਹ ਪੈਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੌਰਗਨ ਓਰਟੇਗਸ ਨੇ ਕਿਹਾ ਕਿ ਅਮਰੀਕਾ ਕਸ਼ਮੀਰ ਨੂੰ ਦੁਵੱਲਾ ਮੁੱਦਾ ਮੰਨਦਾ ਹੈ ਤੇ ਉਸ ਨੇ ਕਸ਼ਮੀਰ ਦੇ ਹਾਲਾਤ ’ਤੇ ਨਜ਼ਰ ਬਣਾਈ ਹੋਈ ਹੈ।