ਕੇਰਲ ਵਿੱਚ ਭਾਰੀ ਬਾਰਿਸ਼ ਕਾਰਨ ਕੋਚੀ ਏਅਰਪੋਰਟ ਐਤਵਾਰ ਤੱਕ ਬੰਦ
ਕੋਚੀ – ਕੇਰਲ ਵਿੱਚ ਭਾਰੀ ਬਾਰਿਸ਼ ਦਾ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ ਜਿਸ ਕਾਰਨ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਸੰਚਾਲਨ ਤੇ ਐਤਵਾਰ ਤੱਕ ਰੋਕ ਲਗਾ ਦਿੱਤੀ ਗਈ ਹੈ| ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਯਾਤਰੀਆਂ ਨੂੰ ਜਾਣਕਾਰੀ ਲਈ ਐਮਰਜੈਂਸੀ ਕੰਟਰੋਲ ਸ਼੍ਰੇਣੀ ਦੀ ਸਹਾਇਤਾ ਉਪਲੱਬਧ ਕਰਵਾ ਦਿੱਤੀ ਜਾਵੇ|ਇਸ ਤੋਂ ਪਹਿਲਾਂ ਵੀਰਵਾਰ ਨੂੰ ਦੇਰ ਰਾਤ ਤੱਕ ਹੋਈ ਬਾਰਿਸ਼ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਹਵਾਈ ਅੱਡੇ ਤੇ ਸੰਚਾਲਨ ਨੂੰ ਰੋਕਿਆ ਗਿਆ ਸੀ ਪਰ ਸਥਿਤੀ ਵਿੱਚ ਸੁਧਾਰ ਨਾ ਹੋਣ ਕਾਰਨ ਐਤਵਾਰ ਤੱਕ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ| ਇਸ ਤੋਂ ਇਲਾਵਾ ਸੂਬੇ ਵਿੱਚ ਅੱਜ ਸਾਰੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ|ਕੇਰਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਅੱਜ 5,090 ਪਰਿਵਾਰਾਂ ਦੇ ਲਗਭਗ 18,308 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ| ਮਾਹਿਰਾਂ ਨੇ ਦੱਸਿਆ ਹੈ ਕਿ ਵਾਇਨਾਡ ਜ਼ਿਲੇ ਵਿੱਚ 9,951 ਲੋਕਾਂ ਨੂੰ 105 ਰਾਹਤ ਕੈਂਪਾਂ ਤੱਕ ਪਹੁੰਚਾਇਆ ਗਿਆ ਹੈ| ਇਸ ਤੋਂ ਇਲਾਵਾ ਮੱਲਾਪੁਰਮ ਜ਼ਿਲੇ ਵਿੱਚ 4,106 ਵਿਅਕਤੀਆਂ ਨੂੰ 26 ਰਾਹਤ ਕੈਂਪਾਂ , ਐਨਾਕੁਰਮ ਜ਼ਿਲੇ ਵਿੱਚ 41 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਅਤੇ 812 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ| ਸੂਬੇ ਦੇ ਕੋਝੀਕੋਡ ਜ਼ਿਲੇ ਵਿੱਚ ਲਗਭਗ 1,017 ਵਿਅਕਤੀਆਂ ਨੂੰ 349 ਰਾਹਤ ਕੈਂਪਾਂ ਵਿੱਚ ਪਹੁੰਚਿਆ ਗਿਆ|ਜਿਕਰਯੋਗ ਹੈ ਕਿ ਕੇਰਲ ਵਿੱਚ ਵਾਇਨਾਡ ਜ਼ਿਲੇ ਦੇ ਪੁਟੁਮਾਲਾ ਇਲਾਕੇ ਵਿੱਚ ਵੀਰਵਾਰ ਸ਼ਾਮ ਨੂੰ ਜ਼ਮੀਨ ਖਿਸ਼ਕਣ ਕਾਰਨ ਮਲਬੇ ਹੇਠਾਂ ਦੱਬਣ ਅਤੇ ਪਾਣੀ ਵਿੱਚ ਰੁੜ੍ਹਨ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ|