ਸਪੀਕਰ ਵੱਲੋਂ ਫੂਲਕਾ ਦਾ ਅਸਤੀਫ਼ਾ ਮਨਜ਼ੂਰ
ਚੰਡੀਗੜ੍ਹ – ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਚੁਣੇ ਗਏ ਐਚ.ਐਸ. ਫੂਲਕਾ ਦਾ ਅਸਤੀਫ਼ਾ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਐਚ.ਐਸ. ਫੂਲਕਾ ਵੱਲੋਂ ਅਕਤੂਬਰ 2018 ਵਿੱਚ ਵਿਧਾਨ ਸਭਾ ‘ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਜੇ ਤੱਕ ਸਪੀਕਰ ਵੱਲੋਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ। ਬੀਤੇ ਦਿਨੀਂ ਐਚ.ਐਸ. ਫੂਲਕਾ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਅਸਤੀਫ਼ਾ ਪ੍ਰਵਾਨ ਕਰਨ ਦੀ ਮੰਗ ਕੀਤੀ ਸੀ। ਫੂਲਕਾ ਨੇ ਕਿਹਾ ਕਿ ਸੀ ਕਿ ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਉਹ ਸੁਪਰੀਮ ਕੋਰਟ ਜਾਣਗੇ। ਚਿੱਠੀ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਸਤੀਫ਼ੇ ਨੂੰ ਦੂਜੇ ਵਿਧਾਇਕਾਂ ਦੇ ਕੇਸਾਂ ਨਾਲ ਨਾ ਵਿਚਾਰਿਆ ਜਾਵੇ। ਲਿਖੇ ਪੱਤਰ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਅਕਤੂਬਰ 2018 ਨੂੰ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ, ਜੋ ਕਿ ਕਈ ਮਹੀਨੇ ਲੰਘਣ ਤੋਂ ਬਾਅਦ ਵੀ ਮਨਜ਼ੂਰ ਨਹੀਂ ਹੋਇਆ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਦੇ ਨਾਲ-ਨਾਲ ਹਲਕਾ ਦਾਖਾ ਦੀ ਜ਼ਿਮਨੀ ਚੋਣ ਜਲਾਲਾਬਾਦ ਅਤੇ ਫਗਵਾੜਾ ਦੀ ਜ਼ਿਮਨੀ ਚੋਣ ਦੇ ਨਾਲ ਹੀ ਕਰਵਾਈ ਜਾਵੇ। ਉਨ੍ਹਾਂ ਵਿਧਾਨ ਸਭਾ ਸਪੀਕਰ ਵੱਲੋਂ ਅਸਤੀਫ਼ਾ ਮਨਜ਼ੂਰ ਨਾ ਕਰਨ ‘ਤੇ ਸੁਪਰੀਮ ਕੋਰਟ ਦਾ ਸਹਾਰਾ ਲੈਣ ਦੀ ਗੱਲ ਕੀਤੀ ਸੀ। ਫੂਲਕਾ ਨੇ ਪਿਛਲੇ ਸਾਲ ਆਪ ਦੀ ਮੁੱਢਲੀ ਮੈਂਬਰਸ਼ਿਪ ਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।