ਸਮੁੰਦਰੀ ਰਸਤਿਓਂ ਭਾਰਤ ‘ਤੇ ਹੋ ਸਕਦੈ ਅੱਤਵਾਦੀ ਹਮਲਾ

ਨਵੀਂ ਦਿੱਲੀ- ਪਾਕਿਸਤਾਨ ‘ਚ ਆਪਣੇ ਅੱਡੇ ਬਣਾ ਕੇ ਰਹਿ ਰਹੇ ਦਹਿਸ਼ਤਗਰਦ ਹੁਣ ਸਮੁੰਦਰ ਦੇ ਰਸਤੇ ਆ ਕੇ ਭਾਰਤ ਵਿੱਚ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਇਹ ਜਾਣਕਾਰੀ ਮਿਲੀ ਹੈ। ਭਾਰਤ ਦੇ ਸਮੁੰਦਰੀ ਕੰਢੇ ਦੀ ਕੁੱਲ ਲੰਬਾਈ 7,514 ਕਿਲੋਮੀਟਰ ਬਣਦੀ ਹੈ। ਦਰਅਸਲ, ਭਾਰਤੀ ਸੰਸਦ ਵਿੱਚ ਜਦੋਂ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨਕ ਧਾਰਾ 370 ਖ਼ਤਮ ਕੀਤੀ ਗਈ ਹੈ, ਉਸ ਸਮੇਂ ਤੋਂ ਅਜਿਹਾ ਖ਼ਤਰਾ ਵਧ ਗਿਆ ਹੈ। ਇੱਕ ਉੱਚ ਸਰਕਾਰੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਪੂਰਬੀ ਅਤੇ ਪੱਛਮੀ ਸਮੁੰਦਰੀ ਕੰਢਿਆਂ ਉੱਤੇ ਸਖ਼ਤ ਸੁਰੱਖਿਆ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਿਛਲੇ ਦਿਨੀਂ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਰਊਫ਼ ਅਜਗਰ ਨੂੰ ਵੇਖਿਆ ਗਿਆ ਸੀ, ਜਿਸ ਤੋਂ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਕਈ ਤਰ੍ਹਾਂ ਦੇ ਅਨੁਮਾਨ ਲਾਏ ਸਨ। ਤਦ ਇਹ ਪਤਾ ਲੱਗਾ ਸੀ ਕਿ ਜੈਸ਼ ਦਹਿਸ਼ਤਗਰਦਾਂ ਨੇ ਆਪਣੇ ਸਿਖਲਾਈ ਕੈਂਪ ਲਹਿੰਦੇ ਪੰਜਾਬ ਤੋਂ ਤਬਦੀਲ ਕਰ ਕੇ ਬਾਰਡਰ ਉੱਤੇ ਲੈ ਆਂਦੇ ਸਨ।