ਜੰਮੂ ਕਸ਼ਮੀਰ ‘ਤੇ ਭਾਰਤ ਦੀ ਪਹਿਲ ਨਾਲ ਪਾਕਿ ਬੇਚੈਨ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਉੱਤੇ ਭਾਰਤ ਦੀ ਪਹਿਲ ਨਾਲ ਪਾਕਿਸਤਾਨ ਬੇਚੈਨ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਜੇ ਜੰਮੂ ਕਸ਼ਮੀਰ ਵਿੱਚ ਵਿਕਾਸ ਹੋਵੇਗਾ ਤਾਂ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕੇਗਾ ਅਤੇ ਇਸ ਲਈ ਇਹ ਦੁਨੀਆ ਦੇ ਸਾਹਮਣੇ ਦੁਵੱਲੇ ਸਬੰਧਾਂ ਦੀ ਚਿੰਤਾਜਨਕ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਕੂਟਨੀਤਕ ਰੁਤਬੇ ਵਿੱਚ ਕਟੌਤੀ ਸਮੇਤ ਹੋਰ ਕਦਮਾਂ ਦਾ ਉਦੇਸ਼ ਦੁਨੀਆਂ ਸਾਹਣੇ ਦੁਵੱਲੇ ਸਬੰਧਾਂ ਦੀ ਇੱਕ ਚਿੰਤਾਜਨਕ ਤਸਵੀਰ ਪੇਸ਼ ਕਰਨਾ ਹੈ ਜਿਸ ਨੂੰ ਨਾ ਤਾਂ ਭਾਰਤ ਅਤੇ ਨਾ ਹੀ ਅੰਤਰਰਾਸ਼ਟਰੀ ਭਾਈਚਾਰਾ ਮੰਨਦਾ ਹੈ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਲੱਗਦਾ ਹੈ ਕਿ ਜੇ ਜੰਮੂ-ਕਸ਼ਮੀਰ ਵਿੱਚ ਵਿਕਾਸ ਹੋਇਆ ਤਾਂ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਸ਼ਾਂਤੀ ਸਮਝੌਤੇ ਨਾਲ ਜੋੜਨ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ।