February 12, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਪਟਿਆਲਾ ਵਿਕਾਸ ਅਥਾਰਟੀ ਦੀ ਊਰਜਾ ਬੱਚਤ ਵੱਲ ਵੱਡੀ ਪੁਲਾਂਘ

ਕੈਬਨਿਟ ਮੰਤਰੀ ਸਰਕਾਰੀਆ ਨੇ ਪੀਡੀਏ ਨੂੰ ਦਫਤਰ ਦੀ ਇਮਾਰਤ ਉਤੇ ਸੋਲਰ ਪਲਾਂਟ ਲਗਾਉਣ ‘ਤੇ ਦਿੱਤੀ ਵਧਾਈ

ਚੰਡੀਗੜ੍ਹ – ਊਰਜਾ ਬਚਾਉਣ ਦੇ ਉਦੇਸ ਨਾਲ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਨੇ ਅਰਬਨ ਅਸਟੇਟ, ਫੇਜ -2, ਪਟਿਆਲਾ ਵਿਖੇ ਸਥਿਤ ਆਪਣੀ ਦਫਤਰ ਦੀ ਇਮਾਰਤ ਦੀ ਛੱਤ ਉੱਤੇ ਇੱਕ ਆਨ-ਗਰਿੱਡ ਸੋਲਰ ਪਾਵਰ ਪਲਾਂਟ ਸਿਸਟਮ ਸਥਾਪਤ ਕੀਤਾ ਹੈ।ਮੁੱਖ ਪ੍ਰਸਾਸਕ ਪਟਿਆਲਾ ਵਿਕਾਸ ਅਥਾਰਟੀ ਸੁਰਭੀ ਮਲਿਕ ਨੇ ਦੱਸਿਆ ਕਿ 90 ਕਿਲੋਵਾਟ ਸਮਰੱਥਾ ਵਾਲਾ ਇਹ ਗਰਿੱਡ ਪਾਵਰ ਪਲਾਂਟ 244 ਮੋਨੋ ਕ੍ਰਿਸਟਲਾਈਨ ਪੀ.ਵੀ. ਸੋਲਰ ਪੈਨਲਾਂ ਦੀ ਸਹਾਇਤਾ ਨਾਲ ਸਾਲਾਨਾ ਆਧਾਰ ‘ਤੇ ਤਕਰੀਬਨ 1, 30,000 ਬਿਜਲੀ ਯੂਨਿਟ ਪੈਦਾ ਕਰੇਗਾ।ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ‘ਤੇ ਪਟਿਆਲਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਦੇ ਯਤਨਾਂ ਦੀ ਸਲਾਘਾ ਕਰਦਿਆਂ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਮੰਤਰੀ-ਕਮ-ਕੋ ਚੇਅਰਮੈਨ, ਪਟਿਆਲਾ ਵਿਕਾਸ ਅਥਾਰਟੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਨੇ ਊਰਜਾ ਬੱਚਤ ਦੇ ਯਤਨ ਤਹਿਤ ਵੱਖ ਵੱਖ ਵਿਸੇਸ ਵਿਕਾਸ ਅਥਾਰਟੀਆਂ ਦੀਆਂ ਇਮਾਰਤਾਂ ਵਿਚ ਐਲਈਡੀ ਲਾਈਟਾਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਭਵਿੱਖ ਵਿਚ ਵੀ ਕੁਦਰਤੀ ਸਰੋਤਾਂ ਦੀ ਬੱਚਤ ਦੀਆਂ ਸੰਭਾਵਨਾਵਾਂ ਤਲਾਸ਼ਦਾ ਰਹੇਗਾ।ਮੁੱਖ ਪ੍ਰਸਾਸਕ ਨੇ ਖੁਲਾਸਾ ਕੀਤਾ ਕਿ ਇਸ ਸੋਲਰ ਪਾਵਰ ਪਲਾਂਟ ਤੋਂ ਹੋਣ ਵਾਲੇ ਬਿਜਲੀ ਉਤਪਾਦਨ ਨਾਲ ਪੀਡੀਏ ਨੂੰ ਸਾਲਾਨਾ ਤਕਰੀਬਨ 10.40 ਲੱਖ ਰੁਪਏ ਦੀ ਬੱਚਤ ਹੋਵੇਗੀ। ਇਸ ਪਾਵਰ ਪਲਾਂਟ ਦੀ ਡਿਜਾਈਨਿੰਗ, ਸਪਲਾਈ, ਸਥਾਪਨਾ ਅਤੇ ਚਾਲੂ ਕਰਨ ਲਈ ਪੀਡੀਏ ਨੇ ਤਕਰੀਬਨ 32 ਲੱਖ ਰੁਪਏ ਖਰਚ ਕੀਤੇ ਹਨ। ਸੁਰਭੀ ਮਲਿਕ ਨੇ ਦੱਸਿਆ ਕਿ ਲੰਮੇ ਸਮੇਂ ਵਿੱਚ ਇਹ ਪ੍ਰਾਜੈਕਟ ਅਥਾਰਟੀ ਲਈ ਲਾਭਦਾਇਕ ਸਾਬਿਤ ਹੋਵੇਗਾ ਕਿਉਂਕਿ ਇਸ ਪਾਵਰ ਪਲਾਂਟ ਦੀ ਸਥਾਪਨਾ ਨਾਲ ਬਿਜਲੀ ਖਰਚਿਆਂ ਦੀ ਵੱਡੀ ਬੱਚਤ ਹੋਵੇਗੀ।