ਬਜਰੰਗ ਨੇ ਤਬਿਲਸੀ ’ਚ ਜਿੱਤਿਆ ਸੋਨ ਤਗ਼ਮਾ
ਨਵੀਂ ਦਿੱਲੀ – ਭਾਰਤ ਦੇ ਦੋ ਸੀਨੀਅਰ ਪਹਿਲਵਾਨਾਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਲੈਅ ਜਾਰੀ ਰੱਖੀ। ਬਜਰੰਗ ਪੂਨੀਆ ਨੇ ਤਬਿਲਸੀ ਗ੍ਰਾਂ ਪ੍ਰੀ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕੀਤਾ, ਜਦੋਂਕਿ ਵਿਨੇਸ਼ ਫੋਗਾਟ ਮੈਡਵੇਡ ਕੁਸ਼ਤੀ ਟੂਰਨਾਮੈਂਟ ਵਿੱਚ ਚੌਥੀ ਵਾਰ ਫਾਈਨਲ ਵਿੱਚ ਪੁੱਜੀ। ਜਾਰਜੀਆ ਵਿੱਚ ਖੇਡੇ ਗਏ ਤਬਿਲਸੀ ਗ੍ਰਾਂ ਪ੍ਰੀ ਵਿੱਚ ਬੀਤੇ ਸਾਲ ਸੋਨਾ ਜਿੱਤਣ ਵਾਲੇ ਬਜਰੰਗ ਨੇ ਪੁਰਸ਼ਾਂ ਦੇ ਫਰੀ ਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਇਰਾਨ ਦੇ ਪੀਮਨ ਬਿਬਿਆਨੀ ਨੂੰ 2-0 ਨਾਲ ਚਿੱਤ ਕੀਤਾ। ਏਸ਼ਿਆਈ ਚੈਂਪੀਅਨ ਬਜਰੰਗ ਲਈ ਇਹ ਸੈਸ਼ਨ ਦਾ ਚੌਥਾ ਸੋਨ ਤਗ਼ਮਾ ਸੀ। ਉਹ ਤਬਿਲਸੀ ਅਤੇ ਏਸ਼ਿਆਈ ਚੈਂਪੀਅਨ ਤੋਂ ਇਲਾਵਾ ਦਾਨ ਕੋਲੋਵ ਅਤੇ ਅਲੀ ਅਲੀਏਵ ਟੂਰਨਾਮੈਂਟ ਵਿੱਚ ਪੋਡੀਅਮ ’ਤੇ ਰਿਹਾ। ਬੇਲਾਰੂਸ ਦੇ ਮਿਨਸਕ ਵਿੱਚ ਮੈਡਵੇਡ ਕੁਸ਼ਤੀ ਟੂਰਨਾਮੈਂਟ ਵਿੱਚ ਵਿਨੇਸ਼ ਨੇ ਮਹਿਲਾਵਾਂ ਦੇ 53 ਕਿਲੋ ਵਜ਼ਨ ਵਰਗ ਵਿੱਚ ਘਰੇਲੂ ਪਹਿਲਵਾਨ ਯਾਫਰੇਮੈਂਕਾ ਨੂੰ ਇਕਪਾਸੜ ਮੁਕਾਬਲੇ ਵਿੰਚ 11-0 ਨਾਲ ਤਕੜੀ ਸ਼ਿਕਸਤ ਦਿੱਤੀ।ਵਿਨੇਸ਼ ਨੇ ਸ਼ੁਰੂ ਵਿੱਚ ਵਿਰੋਧੀ ਪਹਿਲਵਾਨ ਦੇ ਖੱਬੇ ਪੈਰ ’ਤੇ ਹਮਲਾ ਕੀਤਾ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਬੇਲਾਰੂਸ ਦੀ ਪਹਿਲਵਾਨ ਦੀ ਖ਼ਰਾਬ ਖੇਡ ਦਾ ਵਿਨੇਸ਼ ਨੂੰ ਫ਼ਾਇਦਾ ਮਿਲਿਆ। ਦੂਜੇ ਗੇੜ ਵਿੱਚ ਵਿਨੇਸ਼ ਨੇ ਜ਼ਿਆਦਾ ਹਮਲਾਵਰ ਰੁਖ਼ ਅਪਣਾਇਆ। ਉਸ ਨੇ ਫਿਰ ਤੋਂ ਵਿਰੋਧੀ ਪਹਿਲਵਾਨ ਦੇ ਖੱਬੇ ਪੈਰ ’ਤੇ ਆਪਣੀ ਪਕੜ ਬਣਾ ਕੇ ਦੋ ਅੰਕ ਹਾਸਲ ਕੀਤੇ।