December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਹੁਣ ਅੱਤਵਾਦ ਦਾ ਹੋਵੇਗਾ ਖ਼ਾਤਮਾ ਅਤੇ ਕਸ਼ਮੀਰ ਦਾ ਵਿਕਾਸ : ਅਮਿਤ ਸ਼ਾਹ

ਕਿਹਾ, ਧਾਰਾ 370 ਹਟਾਉਣ ਦੇ ਸਿੱਟਿਆਂ ਬਾਰੇ ਨਹੀਂ ਸੀ ਕੋਈ ਸ਼ੰਕਾ

ਚੇਨਈ – ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਮੰਨਦੇ ਹਨ ਕਿ ਧਾਰਾ 370 ਦਾ ਖ਼ਾਤਮਾ ਤਾਂ ਬਹੁਤ ਸਮਾਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਗ੍ਰਹਿ ਮੰਤਰੀ ਹੁੰਦਿਆਂ ਮੇਰੇ ਮਨ ਵਿੱਚ ਇਸ ਬਾਰੇ ਕਿਸੇ ਕਿਸਮ ਦਾ ਕੋਈ ਭੰਬਲਭੂਸਾ ਵੀ ਨਹੀਂ ਸੀ ਕਿ ਇਹ ਧਾਰਾ ਹਟਾਉਣ ਦੇ ਨਤੀਜੇ ਕੀ ਨਿੱਕਲਣਗੇ।ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਸ਼ਮੀਰ ‘ਚੋਂ ਦਹਿਸ਼ਤਗਰਦੀ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ ਤੇ ਉਹ ਹੁਣ ਵਿਕਾਸ ਦੇ ਰਾਹ ਉੱਤੇ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਬਿੱਲ ਲਿਆਉਣ ਸਮੇਂ ਉਨ੍ਹਾਂ ਦੇ ਮਨ ‘ਚ ਕੁਝ ਖ਼ਦਸ਼ੇ ਸਨ। ਉੱਪਰਲੇ ਸਦਨ ਵਿੱਚ ਬਿੱਲ ਸਬੰਧੀ ਮਨ ‘ਚ ਖ਼ਦਸ਼ੇ ਸਨ, ਕਿਉਂਕਿ ਰਾਜ ਸਭਾ ‘ਚ ਪਾਰਟੀ ਬਹੁਮਤ ‘ਚ ਨਹੀਂ ਹੈ। ਇਸ ਕਾਰਨ ਇਸ ਬਿੱਲ ਨੂੰ ਅਸੀਂ ਪਹਿਲਾਂ ਰਾਜ ਸਭਾ ਵਿੱਚ ਪੇਸ਼ ਕੀਤਾ। ਸ਼ਾਹ ਨੇ ਇਹ ਵੀ ਕਿਹਾ ਕਿ ਧਾਰਾ 370 ਨੂੰ ਜੰਮੂ-ਕਸ਼ਮੀਰ ਤੋਂ ਕਾਫੀ ਪਹਿਲਾਂ ਹੀ ਹਟਾ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਉਣ ਦੇ ਸਿੱਟਿਆਂ ਬਾਰੇ ਉਨ੍ਹਾਂ ਦੇ ਮਨ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ। ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇਸ ਧਾਰਾ ਦਾ ਦੇਸ਼ ਨੂੰ ਕੋਈ ਵੀ ਫਾਇਦਾ ਨਹੀਂ ਸੀ। ਬਲਕਿ ਜੰਮੂ-ਕਸ਼ਮੀਰ ਨੂੰ ਮਿਲ ਰਹੇ ਵਿਸ਼ੇਸ਼ ਦਰਜਿਆਂ ਨੂੰ ਹਟਾਉਣ ਦੇ ਖੇਤਰ ਵਿੱਚ ਅੱਤਵਾਦ ਦਾ ਖ਼ਾਤਮਾ ਹੋਵੇਗਾ ਅਤੇ ਉਹ ਵਿਕਾਸ ਦੇ ਮਾਰਗ ‘ਤੇ ਅੱਗੇ ਵਧੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਧਾਰਾ 370 ਤੋਂ ਦੇਸ਼ ਨੂੰ ਮੁਕਤੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਹੁਣ ਕਸ਼ਮੀਰ ਵੀ ਦੇਸ਼ ਦੇ ਨਾਲ ਵਿਕਾਸ ਕਰੇਗਾ। ਉਨ੍ਹਾਂ ਦੇ ਇਸ ਦੌਰੇ ਕਾਰਨ ਸਮੁੱਚੇ ਚੇਨਈ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਗ੍ਰਹਿ ਮੰਤਰੀ ਬਣਨ ਪਿੱਛੋਂ ਸ਼ਾਹ ਪਹਿਲੀ ਵਾਰ ਚੇਨਈ ਪੁੱਜੇ ਸਨ। ਸ਼੍ਰੀ ਸ਼ਾਹ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਚੇਨਈ ਦੇ ਹਵਾਈ ਅੱਡੇ ‘ਤੇ ਪੁੱਜੇ। ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ 3,000 ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ। ਅੱਜ ਸ਼ਾਹ ਨੇ ਇੱਕ ਪੁਸਤਕ ‘ਲਿਸਨਿੰਗ, ਲਰਨਿੰਗ ਐਂਡ ਲੀਡਿੰਗ’ ਦਾ ਉਦਘਾਟਨ ਕੀਤਾ; ਜਿਸ ਵਿੱਚ ਐੱਮ. ਵੈਂਕਈਆ ਨਾਇਡੂ ਦੇ ਉੱਪ ਰਾਸ਼ਟਰਪਤੀ ਵਜੋਂ ਪਹਿਲੇ 2 ਸਾਲਾਂ ਦੌਰਾਨ ਕੀਤੇ ਕੰਮਾਂ ਦੇ ਵੇਰਵੇ ਦਰਜ ਹਨ।