December 8, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਬਾਰੇ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ

ਦੁਵੱਲੇ ਹਿੱਤ ਵਿੱਚ ਅਟਾਰੀ-ਵਾਹਘਾ ਸਰਹੱਦ ‘ਤੇ ਵਪਾਰਕ ਸਬੰਧ ਬਹਾਲ ਕਰਨ ਦੀ ਮੰਗ

ਚੰਡੀਗੜ੍ਹ – ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ਵਿੱਚ ਗਤੀਵਿਧੀਆਂ ਦੀ ਰਫ਼ਤਾਰ ਮੱਠੀ ਹੋਣ ‘ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਨੂੰ ਇਸ ਅਹਿਮ ਪ੍ਰਾਜੈਕਟ ‘ਤੇ ਆਪਣੀ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ ਹੈ ਜਿਸ ਦੀ ਸਿੱਖ ਭਾਈਚਾਰੇ ਲਈ ਧਾਰਮਿਕ ਤੌਰ ‘ਤੇ ਸਭ ਤੋਂ ਵੱਧ ਅਹਿਮੀਅਤ ਹੈ। ਮੁੱਖ ਮੰਤਰੀ ਦਾ ਇਹ ਬਿਆਨ ਕਰਤਾਰਪੁਰ ਲਾਂਘੇ ਬਾਰੇ ਲਏ ਪ੍ਰਮੁੱਖ ਫੈਸਲਿਆਂ ਨੂੰ ਅੰਤਮ ਰੂਪ ਦੇਣ ਲਈ ਮੀਟਿੰਗਾਂ ਕਰਨ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਭੇਜੇ ਯਾਦ ਪੱਤਰ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਆਇਆ ਹੈ। ਇਸ ਸਮੇਂ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋ ਜਾਣ ਨਾਲ ਇਤਿਹਾਸਕ ਮੌਕੇ ‘ਤੇ ਇਹ ਪ੍ਰਾਜੈਕਟ ਅਧੂਰਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਠੇਸ ਪਹੁੰਚੇਗੀ ਜੋ ਇਸ ਪਵਿੱਤਰ ਅਸਥਾਨ ਦਾ ਦੀਦਾਰ ਕਰਨ ਨੂੰ ਲੋਚਦੇ ਹਨ ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਬਹੁਤੇ ਸਾਲ ਗੁਜ਼ਾਰੇ। ਭਾਰਤ ਨਾਲ ਸਫ਼ਾਰਤੀ ਅਤੇ ਵਪਾਰਕ ਸਬੰਧਾਂ ਦਾ ਦਰਜਾ ਘਟਾਉਣ ਦੇ ਫੈਸਲੇ ਦੇ ਮੱਦੇਨਜ਼ਰ ਪਾਕਿਸਤਾਨ ਵੱਲੋਂ ਅਟਾਰੀ-ਵਾਹਘਾ ਸਰਹੱਦ ‘ਤੇ ਵਪਾਰ ਰੁਕਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਚਿੰਤਾਵਾਂ ਨੂੰ ਕਿਸੇ ਵੀ ਫੈਸਲੇ ਨਾਲ ਘੇਰਿਆ ਨਹੀਂ ਜਾਣਾ ਚਾਹੀਦਾ ਜੋ ਦੋਵਾਂ ਪਾਸਿਆਂ ਦੇ ਲੋਕਾਂ ਲਈ ਹਾਨੀਕਾਰ ਸਿੱਧ ਹੋਵੇ।