ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ
ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਸ ਮੁਕਾਮ ’ਤੇ ਪਹੁੰਚਾਂਗਾ। ਮੈਂ ਰੱਬ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਂ ਆਪਣਾ 300ਵਾਂ ਮੈਚ ਖੇਡ ਰਿਹਾ ਹਾਂ।’’ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਇਸ ਨੂੰ ਵਿਲੱਖਣ ਪ੍ਰਾਪਤੀ ਦੱਸਿਆ। ਉਸ ਨੇ ਕਿਹਾ, ‘‘300 ਮੈਚ ਕਾਫ਼ੀ ਜ਼ਿਆਦਾ ਮੈਚ ਹੁੰਦੇ ਹਨ। ਸਾਡੇ ਡਰੈਸਿੰਗ ਰੂਮ ਵਿੱਚ ਮੌਜੂਦਾ ਖਿਡਾਰੀ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ।’’ ਗੇਲ ਇੱਕ ਰੋਜ਼ਾ ਮੈਚਾਂ ਦਾ ਤੀਹਰਾ ਸੈਂਕੜਾ ਪੂਰਾ ਕਰਨ ਵਾਲਾ ਦੁਨੀਆਂ ਦਾ 21ਵਾਂ ਬੱਲੇਬਾਜ਼ ਬਣ ਗਿਆ ਹੈ। ਭਾਰਤ ਦਾ ਸਚਿਨ ਤੇਂਦੁਲਕਰ 463 ਮੈਚ ਨਾਲ ਸ਼ਿਖਰ ’ਤੇ ਹੈ। ਭਾਰਤ ਦਾ ਮੁਹੰਮਦ ਅਜ਼ਹਰੂਦੀਨ 1998 ਵਿੱਚ 300 ਇੱਕ ਰੋਜ਼ਾ ਖੇਡਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਬਣਿਆ ਸੀ। ਭਾਰਤ ਦੇ ਕੁੱਲ ਛੇ ਖਿਡਾਰੀਆਂ ਨੇ, ਜਦਕਿ ਸ੍ਰੀਲੰਕਾ ਦੇ ਸਭ ਤੋਂ ਵੱਧ ਸੱਤ ਖਿਡਾਰੀਆਂ ਨੇ 300 ਜਾਂ ਇਸ ਤੋਂ ਵੱਧ ਇੱਕ ਰੋਜ਼ਾ ਖੇਡੇ ਹਨ।